ਅਲੀਗੜ੍ਹ, 4 ਦਸੰਬਰ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਅੱਜ ਕਿਸਾਨ ਆਗੂਆਂ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਗਰੇਟਰ ਨੋਇਡਾ ਜਾਂਦੇ ਸਮੇਂ ਅਲੀਗੜ੍ਹ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਭਾਵਸ਼ਾਲੀ ਬੁਲਾਰੇ ਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਯਮੁਨਾ ਐਕਸਪ੍ਰੈੱਸ ’ਤੇ ਰੋਕਣ ਮਗਰੋਂ ਬੱਸ ’ਚ ਬਿਠਾ ਕੇ ਤੱਪਲ ਥਾਣੇ ਲਿਜਾਇਆ ਗਿਆ। ਇਸ ਸਬੰਧੀ ਜਦੋਂ ਅਲੀਗੜ੍ਹ ਪੁਲੀਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਟਿਕੈਤ ਨੂੰ ਹਿਰਾਸਤ ’ਚ ਲਿਆ ਗਿਆ ਹੈ ਪਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਟਿਕੈਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲੀਸ ਕਿਸਾਨਾਂ ਨੂੰ ਗੌਤਮ ਬੁੱਧ ਨਗਰ ’ਚ ਨੋਇਡਾ ਜਾਣ ਤੋਂ ਰੋਕ ਰਹੀ ਹੈ ਅਤੇ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ, ‘ਤੁਸੀਂ ਕਿੰਨੀ ਦੇਰ ਸਾਨੂੰ ਹਿਰਾਸਤ ’ਚ ਰੱਖੋਗੇ? ਜੇ ਤੁਸੀਂ ਸਾਨੂੰ ਬੰਦ ਰੱਖੋਗੇ ਤਾਂ ਫਿਰ ਗੱਲ ਕਿਸ ਨਾਲ ਕਰੋਗੇ।’ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਥਾਰਿਟੀਆਂ ਦਾ ਇਹੀ ਰਵੱਈਆ ਰਿਹਾ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।
ਜ਼ਿਕਰਯੋਗ ਹੈ ਕਿ ਲੰਘੇ ਮੰਗਲਵਾਰ ਭਾਰਤੀ ਕਿਸਾਨ ਯੂਨੀਅਨ ਨੇ ਆਪਣੇ ਮੁਖੀ ਨਰੇਸ਼ ਟਿਕੈਤ ਦੀ ਅਗਵਾਈ ਹੇਠ ਮੁਜ਼ੱਫਰਨਗਰ ਦੇ ਸਿਸੌਲੀ ਪਿੰਡ ’ਚ ਕਿਸਾਨ ਭਵਨ ’ਚ ਇੱਕ ਹੰਗਾਮੀ ਮੀਟਿੰਗ ਸੱਦੀ ਸੀ ਅਤੇ ਜ਼ਮੀਨਾਂ ਦੇ ਮੁਆਵਜ਼ੇ ਦੀ ਮੰਗ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੋਇਡਾ ਤੇ ਗਰੇਟਰ ਨੋਇਡਾ ਦੇ ਕਿਸਾਨਾਂ ਨੂੰ ਹਮਾਇਤ ਦੇਣ ਦਾ ਅਹਿਦ ਲਿਆ ਸੀ। -ਪੀਟੀਆਈ