ਐੱਸ ਆਈ ਆਰ ’ਤੇ ਚਰਚਾ ਨਾ ਕਰਨ ’ਤੇ ਵਾਕਆਊਟ; ਰਾਜ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ
ਵਿਰੋਧੀ ਧਿਰਾਂ ਐਸ ਆਈ ਆਰ ਤੇ ਚੋਣ ਸੁਧਾਰਾਂ ਬਾਰੇ ਚਰਚਾ ਲਈ ਸ਼ਰਤਾਂ ਨਾ ਰੱਖਣ: ਰਿਜਿਜੂ
Rajya Sabha proceedings adjourned for the whole day ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿਚ ਅੱਜ ਕਿਹਾ ਕਿ ਵਿਰੋਧੀ ਧਿਰਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਐਸ ਆਈ ਆਰ ’ਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ ਤੇ ਸਰਕਾਰ ਇਸ ਨੂੰ ਵਿਚਾਰ ਰਹੀ ਹੈ ਤੇ ਉਨ੍ਹਾਂ ਦੀ ਮੰਗ ’ਤੇ ਚਰਚਾ ਕਰਨ ਲਈ ਤਿਆਰ ਹੈ ਪਰ ਇਸ ਲਈ ਸਮਾਂ ਚਾਹੀਦਾ ਹੈ। ਉਨ੍ਹਾਂ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਇਸ ਮਾਮਲੇ ’ਤੇ ਸਮਾਂ ਸੀਮਾ ਦੀਆਂ ਸ਼ਰਤਾਂ ਨਿਰਧਾਰਤ ਨਾ ਕਰਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਚਰਚਾ ਕਰਨ ਲਈ ਸਰਕਾਰ ਨੂੰ ਸਮਾਂ ਦੇਣ। ਕੇਂਦਰੀ ਮੰਤਰੀ ਕਿਰਨ ਰਿਜਿਜੂ ਦੇ ਐਸ ਆਈ ਆਰ ’ਤੇ ਸੰਬੋਧਨ ਕਰਨ ਤੋਂ ਬਾਅਦ ਤੇ ਇਸ ਮਾਮਲੇ ਤੋਂ ਸੰਤੁਸ਼ਟ ਨਾ ਹੋ ਕੇ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਰਾਜ ਸਭਾ ਵਿਚੋਂ ਵਾਕਆਊਟ ਕੀਤਾ। ਉਨ੍ਹਾਂ ਐਸ ਆਈ ਆਰ ਤੇ ਚੋਣ ਸੁਧਾਰਾਂ ਦੇ ਮਾਮਲਿਆਂ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਪਰ ਸਰਕਾਰ ਨੇ ਇਨ੍ਹਾਂ ਮਾਮਲਿਆਂ ’ਤੇ ਸਮਾਂ ਮੰਗਿਆ ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।
ਵਿਰੋਧੀ ਪਾਰਟੀਆਂ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (SIR) ਤੇ ਚੋਣ ਸੁਧਾਰਾਂ ਸਬੰਧੀ ਤੁਰੰਤ ਚਰਚਾ ਸ਼ੁਰੂ ਕਰਨ ਦੀ ਮੰਗ ਦੇ ਜਵਾਬ ਵਿੱਚ ਰਿਜਿਜੂ ਨੇ ਇਸ ਮਾਮਲੇ ’ਤੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ।
ਚੇਅਰਮੈਨ ਸੀਪੀ ਰਾਧਾਕ੍ਰਿਸ਼ਨਨ ਨੇ ਪਹਿਲਾਂ ਨੌਂ ਵਿਰੋਧੀ ਮੈਂਬਰਾਂ ਵੱਲੋਂ ਕਈ ਮੁੱਦਿਆਂ ’ਤੇ ਦਿੱਤੇ ਗਏ ਨੋਟਿਸਾਂ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਨਿਯਮ 267 ਦੇ ਤਹਿਤ SIR 'ਤੇ ਚਰਚਾ ਕਰਨਾ ਵੀ ਸ਼ਾਮਲ ਸੀ, ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਚੇਅਰਮੈਨ ਨੇ ਬਾਅਦ ਵਿੱਚ ਮੈਂਬਰਾਂ ਨੂੰ ਸਿਫਰ ਕਾਲ ਵਿਚ ਇਹ ਮੁੱਦੇ ਉਠਾਉਣ ਲਈ ਕਿਹਾ।

