ਰਾਜਨਾਥ ਸਿੰਘ ਵੱਲੋਂ ਰੇਵੰਤ ਰੈੱਡੀ ’ਤੇ ਸ਼ਬਦੀ ਹਮਲਾ; ਕਾਂਗਰਸ ’ਤੇ ਧਰਮ ਦੇ ਨਾਂ ’ਤੇ ਵੰਡਣ ਦਾ ਦੋਸ਼ !
ਕਾਂਗਰਸ ਅਤੇ ਆਰਜੇਡੀ NDA ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਕਦੇ ਵੀ ਧਰਮ, ਜਾਤ ਜਾਂ ਪੰਥ ਦੇ ਆਧਾਰ ’ਤੇ ਲੋਕਾਂ ਵਿੱਚ ਵੰਡ ਨਹੀਂ ਪਾਉਂਦਾ ਪਰ ਵਿਰੋਧੀ ਧਿਰ ਧਰਮ ਦੇ ਅਧਾਰ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਹਾਰ ਵਿੱਚ ਚੋਣ ਰੈਲੀਆਂ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਦੇ ਬਿਆਨ ‘ਕਾਂਗਰਸ ਦਾ ਮਤਲਬ ਮੁਸਲਮਾਨ ਅਤੇ ਮੁਸਲਮਾਨਾਂ ਦਾ ਮਤਲਬ ਕਾਂਗਰਸ’ ’ਤੇ ਤਿੱਖਾ ਹਮਲਾ ਕੀਤਾ।
ਉਨ੍ਹਾਂ ਕਿਹਾ ਰੇਵੰਤ ਰੈੱਡੀ ਦਾ ਇਹ ਬਿਆਨ ਦੇਸ਼ ਨੂੰ ਵੰਡਣ ਦੀ ਨੀਅਤ ਨਾਲ ਦਿੱਤਾ ਗਿਆ ਹੈ ਅਤੇ ਇਹ ਕਾਂਗਰਸ ਦਾ ਸੱਭਿਆਚਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ NDA ਧਰਮ, ਜਾਤ ਜਾਂ ਪੰਥ ਦੇ ਅਧਾਰ ’ਤੇ ਲੋਕਾਂ ਨੂੰ ਨਹੀਂ ਵੰਡਦਾ, ਸਗੋਂ ਮਨੁੱਖਤਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਆਰਜੇਡੀ (RJD) ਤੁਸ਼ਟੀਕਰਨ ਦੀ ਰਾਜਨੀਤੀ ਕਰਕੇ NDA ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਚੋਣ ਚੰਗੇ ਸ਼ਾਸਨ ਅਤੇ ਜੰਗਲ ਰਾਜ ਦੀ ਲੜਾਈ ਹੈ।
ਸਿੰਘ ਨੇ RJD ਮੁਖੀ ਲਾਲੂ ਪ੍ਰਸਾਦ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਮਾਂ ਲੰਘ ਗਿਆ ਜਦੋਂ ਕਿਹਾ ਜਾਂਦਾ ਸੀ ਕਿ ਜਦੋਂ ਤੱਕ ਰਹੇਗਾ ਸਮੋਸੇ ਵਿੱਚ ਆਲੂ, ਤਦ ਤੱਕ ਰਹੇਗਾ ਬਿਹਾਰ ਵਿੱਚ ਲਾਲੂ। ਹੁਣ ਸੁਆਦੀ ਸਮੋਸੇ ਲਈ ਕਾਜੂ ਅਤੇ ਹੋਰ ਸਮੱਗਰੀ ਚਾਹੀਦੀ ਹੈ, ਜੋ ਸਿਰਫ NDA ਦੇ ਸਕਦਾ ਹੈ।
ਉਨ੍ਹਾਂ ਵਿਰੋਧੀ ਧਿਰ ਦੇ ਗੱਠਜੋੜ INDIA bloc ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਕਿ ਉਹ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਗੇ। ਉਨ੍ਹਾਂ ਸਵਾਲ ਕੀਤਾ ਕਿ ਤਨਖਾਹਾਂ ਦੇਣ ਲਈ ਪੈਸਾ ਕਿੱਥੋਂ ਆਵੇਗਾ?
ਸਿੰਘ ਨੇ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ NDA 2047 ਤੱਕ ਦੇਸ਼ ਨੂੰ ਸਭ ਤੋਂ ਅਮੀਰ ਦੇਸ਼ ਬਣਾਉਣ ਲਈ ਕੰਮ ਕਰ ਰਿਹਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਬਿਹਾਰ ਵਿੱਚ ਵੋਟਾਂ ਚੋਰੀ ਹੋ ਰਹੀਆਂ ਹਨ, ਤਾਂ ਉਨ੍ਹਾਂ ਨੂੰ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ, ਨਾ ਕਿ ਸੰਵਿਧਾਨਕ ਸੰਸਥਾ ’ਤੇ ਬੇਬੁਨਿਆਦ ਦੋਸ਼ ਲਾਉਣੇ ਚਾਹੀਦੇ ਹਨ।

