ਰਾਜਨਾਥ ਵੱਲੋਂ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦਾ ਜਾਇਜ਼ਾ
ਜੰਮੂ, 21 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਫੌਜ ਦੀ ਸਿਖਰਲੇ ਅਧਿਕਾਰੀਆਂ ਨੇ ਜੰਮੂ ਕਸ਼ਮੀਰ ’ਚ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਹੱਦੀ ਇਲਾਕਿਆਂ ’ਚ ਅਤਿਵਾਦ ਵਿਰੋਧੀ ਮੁਹਿੰਮਾਂ ਅਤੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਯਾਤਰਾ ’ਤੇ ਧਿਆਨ ਕੇਂਦਰਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਊਧਮਪੁਰ ਸਥਿਤ ਉੱਤਰੀ ਕਮਾਨ ਦੇ ਹੈੱਡਕੁਆਰਟਰ ’ਚ ਮੀਟਿੰਗ ਮੌਕੇ ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ, ਉੱਤਰੀ ਕਮਾਨ ਦੇ ਜੀਓਸੀ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਤੇ ਸਾਰੀਆਂ ਯੂਨਿਟਾਂ ਦੇ ਕਮਾਂਡਿੰਗ ਅਫਸਰਾਂ ਸਣੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਦੋ ਦਿਨਾ ਦੌਰੇ ’ਤੇ ਉੱਤਰੀ ਕਮਾਨ ਦੇ ਊਧਮਪੁਰ ਹੈੱਡਕੁਆਰਟਰ ਪਹੁਚੇ ਤੇ ਅੱਜ ਸਵੇਰੇ ਹਥਿਆਰਬੰਦ ਬਲਾਂ ਵੱਲੋਂ ਮਨਾਏ ਕੌਮਾਂਤਰੀ ਯੋਗ ਦਿਵਸ ਸਮਾਗਮ ਦੀ ਅਗਵਾਈ ਕਰਦਿਆਂ 2,500 ਸੈਨਿਕਾਂ ਨਾਲ ਯੋਗ ਆਸਣ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਯੋਗ ਸੈਸ਼ਨ ਮਗਰੋਂ ਫੌਜ ਦੇ ਉੱਚ ਅਧਿਕਾਰੀਆਂ ਨੇ ਰੱਖਿਆ ਮੰਤਰੀ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਸੁਰੱਖਿਆ ਸਥਿਤੀ ਬਾਰੇ ਜਾਣੂ ਕਰਵਾਇਆ। ਮੀਟਿੰਗ ’ਚ ਜੰਗਲੀ ਇਲਾਕਿਆਂ ਵਿੱਚ ਅਤਿਵਾਦ ਮੁਹਿੰਮਾਂ ’ਤੇ ਤਵੱਜੋ ਦਿੱਤੀ ਗਈ। -ਪੀਟੀਆਈ