ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਦੇਣ ਲਈ ਨੇਮਰਾ ਪੁੱਜੇ ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸ਼ਿਬੂ ਸੋਰੇਨ ਦੀ ਤੁਲਨਾ ਕਬਾਇਲੀ ਆਗੂ ਭਗਵਾਨ ਬਿਰਸਾ ਮੁੰਡਾ ਨਾਲ ਕਰਦਿਆਂ ਕਿਹਾ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਆਪਣਾ ਜੀਵਨ ਗ਼ਰੀਬਾਂ ਦੇ ਉੱਥਾਨ ਲਈ ਸਮਰਪਿਤ ਕੀਤਾ। ਰਾਜਨਾਥ, ਝਾਰਖੰਡ ਦੇ ਰਾਜਪਾਲ ਸੰਤੋਸ਼ ਗੰਗਵਾਰ, ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ, ਰੱਖਿਆ ਰਾਜ ਮੰਤਰੀ ਸੰਜੈ ਸੇਠ, ਸੰਸਦ ਮੈਂਬਰ ਪੱਪੂ ਯਾਦਵ, ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਅਤੇ ਯੋਗ ਗੁਰੂ ਬਾਬਾ ਰਾਮਦੇਵ ਸੋਰੇਨ ਦੇ ‘ਸ਼ਰਾਧ’ ਵਿੱਚ ਸ਼ਾਮਲ ਹੋਣ ਲਈ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਲਗਪਗ 70 ਕਿਲੋਮੀਟਰ ਦੂਰ ਨੇਮਰਾ ਪਹੁੰਚੇ। ਰਾਜਨਾਥ ਨੇ ਕਿਹਾ, ‘‘ਜਿੱਥੋਂ ਤੱਕ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਉਹ ਸਾਦੇ ਸੁਭਾਅ ਦੇ ਸਨ। ਬਿਰਸਾ ਮੁੰਡਾ ਤੋਂ ਬਾਅਦ ਜੇ ਕੋਈ ਯੋਧਾ ਕਬਾਇਲੀਆਂ ਵਿੱਚ ਪੈਦਾ ਹੋਇਆ ਹੈ ਤਾਂ ਉਹ ‘ਦਿਸ਼ੋਮ ਗੁਰੂ’ ਸ਼ਿਬੂ ਸੋਰੇਨ ਸਨ। ਉਨ੍ਹਾਂ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ। ਉਹ ਬਹੁਤ ਸਾਦੇ ਸਨ। ਉਨ੍ਹਾਂ ਨੇ ਆਪਣਾ ਜੀਵਨ ਗ਼ਰੀਬਾਂ ਲਈ ਸਮਰਪਿਤ ਕਰ ਦਿੱਤਾ। ਮੈਂ ਕੇਂਦਰ ਅਤੇ ਆਪਣੀ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਇਆ ਹਾਂ।’’ ਸ਼ਿਬੂ ਸੋਰੇਨ ਦੇ ਪੁੱਤਰ ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਸਿਰ ‘ਮੁੰਡਨ’ ਕੀਤਾ ਹੋਇਆ ਸੀ ਅਤੇ ਉਹ ਕਬਾਇਲੀ ਪਹਿਰਾਵੇ ਵਿੱਚ ਸ਼ਰਧਾ ਰਸਮ ਕਰਦੇ ਨਜ਼ਰ ਆਏ। ਇਸ ਮੌਕੇ ਸਾਰੇ ਵਰਗਾਂ ਦੇ ਲੋਕ ਮੌਜੂਦ ਸਨ।
ਝਾਰਖੰਡ ਦੇ ਮੁੱਖ ਮੰਤਰੀ ਨੇ ਰਾਜਨਾਥ ਸਿੰਘ, ਰੇਵੰਤ ਰੈਡੀ ਅਤੇ ਹੋਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਮ ਲੋਕਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵ੍ਹੀਲਚੇਅਰ ’ਤੇ ਬੈਠੀ ਉਨ੍ਹਾਂ ਦੀ ਮਾਂ ਰੂਪੀ ਸੋਰੇਨ ਅਤੇ ਪਤਨੀ ਕਲਪਨਾ ਵੀ ਮੌਜੂਦ ਸਨ। ਰਾਜਨਾਥ ਅਤੇ ਬਾਬਾ ਰਾਮਦੇਵ ਨੇ ਰੂਪੀ ਸੋਰੇਨ ਦੇ ਪੈਰ ਛੂਹੇ, ਜਿਨ੍ਹਾਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।