ਰਾਜਸਥਾਨ: ਜੋਧਪੁਰ ’ਚ ਸ਼ਰਧਾਲੂਆਂ ਵਾਲੇ ਟੈਂਪੂ ਦੀ ਟਰੇਲਰ ਨਾਲ ਟੱਕਰ, ਤਿੰਨ ਮਹਿਲਾਵਾਂ ਸਣੇ 6 ਦੀ ਮੌਤ
ਗਵਾਲੀਅਰ ’ਚ ਐੱਸਯੂਵੀ ਤੇ ਟਰੈਕਟਰ ਟਰਾਲੀ ਦੀ ਟੱਕਰ, ਪੰਜ ਹਲਾਕ
ਇਥੇ ਜੋਧਪੁਰ-ਬਾਲੇਸਰ ਕੌਮੀ ਸ਼ਾਹਰਾਹ 125 ਉੱਤੇ ਅੱਜ ਵੱਡੇ ਤੜਕੇ ਅਨਾਜ ਨਾਲ ਲੱਦੇ ਟਰੇਲਰ ਦੀ ਸ਼ਰਧਾਲੂਆਂ ਵਾਲੇ ਟੈਂਪੂ ਨਾਲ ਟੱਕਰ ਹੋ ਗਈ। ਹਾਦਸੇ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 14 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸਾ ਜੋਧੁਪਰ ਜ਼ਿਲ੍ਹੇ ਦੇ ਖਾਰੀ ਬੇਰੀ ਪਿੰਡ ਨੇੜੇ ਹੋਇਆ। ਟੈਂਪੂ ਵਿਚ 20 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜੋ ਗੁਜਰਾਤ ਦੇ ਬਨਾਸਕਾਂਠਾ ਤੇ ਧਾਨਸੁਰਾ ਨਾਲ ਸਬੰਧਤ ਹਨ ਤੇ ਅੱਗੇ ਰਾਮਦਿਓੜਾ ਨੂੰ ਜਾ ਰਹੇ ਸਨ।
ਬਾਲੇਸਰ ਦੇ ਐੱਸਐੱਚਓ ਮੂਲਸਿੰਘ ਭਾਟੀ ਨੇ ਕਿਹਾ ਕਿ ਟੈਂਪੂ ਦੀ ਸਾਹਮਿਓਂ ਆ ਰਹੇ ਤੇਜ਼ ਰਫ਼ਤਾਰ ਟਰੇਲਰ ਨਾਲ ਟੱਕਰ ਹੋ ਗਈ। ਭਾਟੀ ਨੇ ਕਿਹਾ, ‘‘ਹਾਦਸੇ ਵਿਚ ਤਿੰਨ ਮਹਿਲਾਵਾਂ ਸਣੇ ਤਿੰਨ ਹੋਰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਬਾਲੇਸਰ ਹਸਪਤਾਲ ਦੇ ਮੁਰਦਾਘਾਟ ਵਿਚ ਰਖਵਾ ਦਿੱਤੀਆਂ ਗਈਆਂ ਹਨ। ਹਾਦਸੇ ਵਿਚ ਜ਼ਖਮੀ ਹੋਏ 14 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜੋਧਪੁਰ ਦੇ ਐੱਮਡੀਐੱਮ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।’’ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ।
ਇਸ ਦੌਰਾਨ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਐੱਸਯੂਵੀ ਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਟੱਕਰ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਐੱਸਪੀ (ਸ਼ਹਿਰੀ) ਰੌਬਿਨ ਜੈਨ ਨੇ ਦੱਸਿਆ ਕਿ ਹਾਦਸਾ ਸਵੇਰੇ 6 ਵਜੇ ਝਾਂਸੀ ਰੋਡ ਪੁਲੀਸ ਥਾਣੇ ਦੀ ਹੱਦ ਵਿਚ ਆਉਂਦੇ ਮਾਲਵਾ ਕਾਲਜ ਦੇ ਸਾਹਮਣੇ ਹੋਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐੱਸਯੂਵੀ ਸਵਾਰ ਪੰਜ ਵਿਅਕਤੀਆਂ ਨੇ ਮੌਕੇ ’ਤੇ ਦਮ ਤੋੜ ਦਿੱਤਾ। ਪੁਲੀਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲ ਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਕਸ਼ਿਤਿਜ ਉਰਫ਼ ਪ੍ਰਿੰਸ ਰਾਜਾਵਤ, ਕੌਸ਼ਲ ਭਡੋਰੀਆ, ਆਦਿੱਤਿਆ ਪ੍ਰਤਾਪ ਸਿੰਘ ਜੜੌਨ, ਅਭਿਮੰਨਿਊ ਸਿੰਘ ਤੇ ਸ਼ਿਵਮ ਰਾਜਪੁੁਰੋਹਿਤ ਸਾਰੇ ਵਾਸੀ ਦੀਨ ਦਿਆਲ ਨਗਰ ਗਵਾਲੀਅਰ ਵਜੋਂ ਹੋਈ ਹੈ।

