Rajasthan: ਪਾਈਪਲਾਈਨ ਪਾਉਣ ਦੌਰਾਨ ਮਿੱਟੀ ਧਸਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ
Soil caves in during pipeline excavation work; 4 workers dead
ਜੈਪੁਰ, 29 ਜੂਨ
ਰਾਜਸਥਾਨ ਦੇ ਭਰਤਪੁਰ ਵਿੱਚ ਅੱਜ ਸਵੇਰੇ ਨਵੀਂ ਪਾਈਪਲਾਈਨ ਪਾਉਣ ਦੌਰਾਨ ਮਿੱਟੀ ਧਸਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਕੁਝ ਮਜ਼ਦੂਰ ਜੰਗੀ ਦਾ ਨਗਲਾ ਪਿੰਡ ਨੇੜੇ ਪਾਈਪਾਂ ਪਾਉਣ ਲਈ ਪੁੱਟੇ ਗਏ 10 ਫੁੱਟ ਡੂੰਘੇ ਟੋਏ ਭਰ ਰਹੇ ਸਨ ਤਾਂਂ ਅਚਾਨਕ ਮਿੱਟੀ ਧਸਣ ਕਾਰਨ ਮਜ਼ਦੂਰ ਉਸ ਵਿੱਚ ਦਬ ਗਏੇ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਚੀਕਾਂ ਸੁਣ ਕੇ ਹੋਰ ਕਾਮਿਆਂ ਅਤੇ ਪ੍ਰਾਜੈਕਟ ਸਟਾਫ ਨੇ ਬਚਾਅ ਕਾਰਜ ਸ਼ੁਰੂ ਕੀਤੇ, ਪਰ ਮਿੱਟੀ ਦੀ ਡੂੰਘਾਈ ਅਤੇ ਭਾਰ ਕਾਰਨ ਤੁਰੰਤ ਕੋਸ਼ਿਸ਼ਾਂ ਮੁਸ਼ਕਲ ਹੋ ਗਈਆਂ। ਸੂਚਨਾ ਮਿਲਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ ’ਤੇ ਪਹੁੰਚੀਆਂ। ਬਚਾਅ ਟੀਮਾਂ ਨੇ ਮਸ਼ੀਨਾਂ ਦੀ ਮਦਦ ਨਾਲ ਸੱਤ ਮਜ਼ਦੂਰਾਂ ਨੂੰ ਮਿੱਟੀ ਦੇ ਹੇਠੋਂ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ ਚਾਰ ਮਜ਼ਦੂਰ ਅਨੁਕੂਲ (22), ਵਿਮਲਾ ਦੇਵੀ (45), ਵਿਨੋਦ ਦੇਵੀ (55) ਤੇ ਯੋਗੇਸ਼ ਕੁਮਾਰੀ (25) ਦੀ ਮੌਤ ਹੋ ਗਈ। ਜ਼ਖਮੀ ਹੋਏ ਇੱਕ ਮਜ਼ਦੂਰ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਜਦਕਿ ਦੋ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲੀਸ ਮੁਤਾਬਕ ਘਟਨਾ ਸਥਾਨ ’ਤੇ 12 ਮਜ਼ਦੂਰ ਕੰਮ ਰਹੇ ਸਨ। -ਪੀਟੀਆਈ