Bus Fireਰਾਜਸਥਾਨ ਬੱਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਜੋਧਪੁਰ ਦੇ ਐਮ.ਜੀ. ਹਸਪਤਾਲ ਵਿੱਚ ਅੱਜ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ, ਜਿਸ ਨਾਲ ਜੈਸਲਮੇਰ ਬੱਸ ਅੱਗ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਜਦੋਂ ਕਿ ਚਾਰ ਜ਼ਖਮੀ ਵੈਂਟੀਲੇਟਰ ’ਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਲਈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਡੀ.ਐਨ.ਏ. ਸੈਂਪਲ ਇਕੱਠੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੋਧਪੁਰ ਹਸਪਤਾਲ ਵਿੱਚ ਇਸ ਸਮੇਂ 14 ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ ਕਿ ਪਛਾਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਹ ਪਤਾ ਲੱਗਿਆ ਹੈ ਕਿ ਬੱਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਹਾਦਸੇ ਦੌਰਾਨ ਜ਼ਿਆਦਾ ਮੌਤਾਂ ਹੋਈਆਂ ਹਨ। ਸਿਹਤ ਮੰਤਰੀ ਗਜੇਂਦਰ ਸਿੰਘ ਖਿਮਸਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੱਸ ਵਿੱਚ ਇੱਕੋ ਦਰਵਾਜ਼ਾ ਸੀ, ਕੋਈ ਐਮਰਜੈਂਸੀ ਐਗਜ਼ਿਟ ਨਹੀਂ ਸੀ, ਖਿੜਕੀਆਂ/ਸ਼ੀਸ਼ਿਆਂ ਨੂੰ ਤੋੜਨ ਲਈ ਕੋਈ ਔਜ਼ਾਰ ਨਹੀਂ ਸੀ, ਸੀਟਾਂ ਵਿਚਕਾਰ ਇੱਕ ਤੰਗ ਰਸਤਾ ਸੀ, ਜਿਸ ਕਾਰਨ ਯਾਤਰੀ ਉੱਥੇ ਹੀ ਫ਼ਸੇ ਰਹਿ ਗਏ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਦਰਵਾਜ਼ਾ ਖੋਲ੍ਹਣ ਤੇ ਬੰਦ ਕਰਨ ਲਈ ਤਾਰਾਂ ਦਾ ਸੰਪਰਕ ਵੀ ਟੁੱਟ ਗਿਆ, ਜਿਸ ਕਾਰਨ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ ਤੇ ਮੁੜ ਖੁੱਲ੍ਹ ਨਹੀਂ ਸਕਿਆ। ਵਧੀਕ ਐੱਸ ਪੀ ਕੈਲਾਸ਼ ਦਾਨ ਨੇ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ ਬੱਸ ਦੀਆਂ ਸੀਟਾਂ ਦੇ ਵਿਚਕਾਰ ਵਾਲੇ ਰਸਤੇ ’ਤੇ ਮਿਲੀਆਂ, ਜਿਸ ਤੋਂ ਜਾਪਦਾ ਹੈ ਕਿ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਨਹੀਂ ਆ ਸਕੇ। ਹਾਦਸੇ ਵਿੱਚ 20 ਯਾਤਰੀ ਜ਼ਿੰਦਾ ਸੜ ਗਏ ਸਨ ਤੇ 15 ਝੁਲਸੇ ਗਏ ਸਨ।