ਮੀਂਹ ਦਾ ਕਹਿਰ: ਹਿਮਾਚਲ ਪ੍ਰਦੇਸ਼ ਵਿਚ ਅਚਾਨਕ ਹੜ੍ਹ, 300 ਸੜਕਾਂ ਬੰਦ; ਦਿੱਲੀ ਵਿੱਚ ਪਾਣੀ ਭਰਿਆ
ਉੱਤਰੀ ਅਤੇ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆਉਣ ਕਰਕੇ ਸੜਕਾਂ ਬੰਦ ਹੋ ਗਈਆਂ ਹਨ ਅਤੇ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਵਿੱਚ ਮੌਸਮ ਹੋਰ ਵੀ ਖਰਾਬ ਹੋਣ ਦੀ ਚੇਤਾਵਨੀ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਖਿਸਕਣ ਨਾਲ ਖਾਸ ਕਰਕੇ ਸ਼ਿਮਲਾ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਵਿਚ ਆਵਾਜਾਈ ’ਚ ਵੱਡਾ ਵਿਘਨ ਪਿਆ ਹੈ। ਬੁੱਧਵਾਰ ਤੋਂ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹਾਂ ਕਰਕੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਦੂਰ-ਦੁਰਾਡੇ ਦੇ ਖੇਤਰ ਤੱਕ ਰਸਾਈ ਬੰਦ ਹੋ ਗਈ ਹੈ।
ਦੋ ਕੌਮੀ ਸ਼ਾਹਰਾਹਾਂ ਸਮੇਤ 300 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਗਨਵੀ ਘਾਟੀ ਵਿੱਚ ਇੱਕ ਪੁਲੀਸ ਚੌਕੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ। ਸ਼ਿਮਲਾ ਵਿੱਚ ਇੱਕ ਬੱਸ ਸਟੈਂਡ ਢਹਿ ਗਿਆ, ਜਿਸ ਨਾਲ ਨੇੜਲੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਲਾਹੌਲ ਅਤੇ ਸਪਿਤੀ ਵਿੱਚ Mayad ਘਾਟੀ ਵਿੱਚ ਅਚਾਨਕ ਆਏ ਹੜ੍ਹਾਂ ਨੇ ਕਰਪਟ, ਚੰਗੁਟ ਅਤੇ ਉਦਗੋਸ ਨਾਲੇ ਨੇੜੇ ਦੋ ਪੁਲਾਂ ਨੂੰ ਤਬਾਹ ਕਰ ਦਿੱਤਾ।
ਕਰਪਟ ਪਿੰਡ ਨੂੰ ਨਾਜ਼ੁਕ ਐਲਾਨਿਆ ਗਿਆ ਹੈ। ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਕਰੀਬ 10 ਬਿੱਘੇ ਖੇਤੀਯੋਗ ਜ਼ਮੀਨ ਡੁੱਬ ਗਈ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਸਿੱਕਮ ਅਤੇ ਉਪ-ਹਿਮਾਲਿਆਈ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਲਈ ‘ਘੱਟ ਤੋਂ ਦਰਮਿਆਨੀ’ ਅਚਾਨਕ ਹੜ੍ਹ ਦੇ ਜੋਖ਼ਮ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਕੁਝ ਖੇਤਰਾਂ ਵਿੱਚ 180 ਮਿਲੀਮੀਟਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਮਿੱਟੀ ਦੀ Saturation 85 ਤੋਂ 99 ਫੀਸਦ ਦਰਮਿਆਨ ਪਹੁੰਚ ਗਈ ਹੈ, ਜਿਸ ਨਾਲ ਸਤਹਿ ਦੇ ਵਹਾਅ ਅਤੇ ਹੜ੍ਹਾਂ ਦੀ ਸੰਭਾਵਨਾ ਵੱਧ ਗਈ ਹੈ।
ਉੱਚ ਜੋਖ਼ਮ ਵਾਲੇ ਜ਼ਿਲ੍ਹਿਆਂ ਵਿਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੇ ਸਿਰਮੌਰ; ਉੱਤਰਾਖੰਡ ਦੇ ਦੇਹਰਾਦੂਨ, ਨੈਨੀਤਾਲ, ਚਮੋਲੀ, ਪਿਥੌਰਾਗੜ੍ਹ ਤੇ ਹੋਰ, ਬਿਹਾਰ ਵਿਚ ਅਰਰੀਆ, ਕਿਸ਼ਨਗੰਜ, ਪੁਰਨੀਆ ਤੇ ਸੁਪੌਲ, ਸਿੱਕਮ ਤੇ ਉੱਤਰੀ ਬੰਗਾਲ ’ਚ ਦਾਰਜੀਲਿੰਗ, ਜਲਪਾਇਗੁੜੀ, ਕੂਚ ਬਿਹਾਰ ਤੇ ਸਿੱਕਮ ਦੇ ਸਾਰੇ ਚਾਰੇ ਜ਼ਿਲ੍ਹੇ ਸ਼ਾਮਲ ਹਨ। ਦਿੱਲੀ, ਕੋਲਕਾਤਾ, ਸ਼ਿਮਲਾ, ਦੇਹਰਾਦੂਨ, ਪਟਨਾ ਤੇ ਗੰਗਟੋਕ ਦੇ ਖੇਤਰੀ ਮੌਸਮ ਕੇਂਦਰਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।
ਦਿੱਲੀ ਵਿੱਚ ਵੀਰਵਾਰ ਸਵੇਰੇ ਮੀਂਹ ਪਿਆ, ਜਿਸ ਕਾਰਨ ਸ਼ਹਿਰ ਭਰ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ। ਆਈਐਮਡੀ ਨੇ ‘ਸੰਤਰੀ’ ਅਲਰਟ ਜਾਰੀ ਕੀਤਾ, ਜਿਸ ਵਿੱਚ ਵਸਨੀਕਾਂ ਨੂੰ ਦਿਨ ਦੌਰਾਨ ਦਰਮਿਆਨੀ ਤੋਂ ਭਾਰੀ ਬਾਰਿਸ਼, ਗਰਜ ਅਤੇ ਬਿਜਲੀ ਡਿੱਗਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ।