Rain, snow likely in Himachal: ਹਿਮਾਚਲ ਦੇ ਕਈ ਖੇਤਰਾਂ ਵਿਚ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ
ਸ਼ਿਮਲਾ, 7 ਦਸੰਬਰ
ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਹਿਮਾਲੀਅਨ ਖੇਤਰ ’ਤੇ ਪੱਛਮੀ ਗੜਬੜੀ ਦੇ ਮੱਦੇਨਜ਼ਰ 8 ਤੇ 9 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਮੀਂਹ ਤੇ ਬਰਫਬਾਰੀ ਪੈਣ ਦੀ ਸੰਭਾਵਨਾ ਹੈ।ਇਨ੍ਹਾਂ ਦੋ ਦਿਨਾਂ ਵਿੱਚ ਸੂਬੇ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਲਾਹੌਲ ਅਤੇ ਸਪਿਤੀ, ਚੰਬਾ, ਕਿਨੌਰ, ਕਾਂਗੜਾ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਸੋਲਨ, ਸਿਰਮੌਰ, ਊਨਾ, ਬਿਲਾਸਪੁਰ, ਮੰਡੀ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਮੀਂਹ ਅਤੇ ਮੰਗਲਵਾਰ ਤੱਕ ਮੱਧ ਅਤੇ ਉੱਚੀਆਂ ਪਹਾੜੀਆਂ ’ਤੇ ਵੱਖ-ਵੱਖ ਥਾਵਾਂ ’ਤੇ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਠ ਦਸੰਬਰ ਨੂੰ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਨੌਂ ਦਸੰਬਰ ਨੂੰ ਮੰਡੀ ਵਿੱਚ ਬਿਲਾਸਪੁਰ ਅਤੇ ਬਲ੍ਹਾ ਵੈਲੀ ਵਿੱਚ ਭਾਖੜਾ ਡੈਮ ਭੰਡਾਰ ਖੇਤਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਕੁਝ ਹਿੱਸਿਆਂ ਵਿੱਚ ਠੰਢ ਵਧ ਗਈ ਹੈ ਤੇ ਵੱਖ-ਵੱਖ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਹਿਮਾਚਲ ਪ੍ਰਦੇਸ਼ ਦਾ ਤਾਬੋ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।