ਮੀਂਹ: ਆਮ ਲੋਕਾਂ ਲਈ ਰਾਹਤ, ਕਿਸਾਨਾਂ ਲਈ ਆਫ਼ਤ
ਕਿਸਾਨਾਂ ਨੂੰ ਪਈ ਦੋਹਰੀ ਮਾਰ; ਝੋਨੇ ਦੀ ਵਾਢੀ ਤੇ ਮੰਡੀਆਂ ਪਈ ਫ਼ਸਲ ਦਾ ਫ਼ਿਕਰ ਸਤਾਉਣ ਲੱਗਾ; ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਰੁਕ ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ
Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸੋਮਵਾਰ ਸਵੇਰ ਤੋਂ ਰੁਕ ਰੁਕ ਕੇ ਮੀਂਹ ਜਾਰੀ ਹੈ। ਮੀਂਹ ਨਾਲ ਆਮ ਲੋਕਾਂ ਨੂੰ ਜਿੱਥੇ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ, ਉਥੇ ਮੀਂਹ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਕਿਸਾਨਾਂ ਨੂੰ ਮੀਂਹ ਨਾਲ ਦੋਹਰੀ ਮਾਰ ਪਈ ਹੈ। ਪਹਿਲਾਂ ਹੜ੍ਹਾਂ ਨੇ ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਤਬਾਹ ਕਰ ਦਿੱਤੀ ਹੈ, ਹੁਣ ਝੋਨੇ ਦੀ ਵਾਢੀ ਤੇ ਮੰਡੀਆਂ ਵਿਚ ਲੱਗੇ ਝੋਨੇ ਦੇ ਢੇਰ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾਇਆ ਹੋਇਆ ਹੈ।
ਪੰਜਾਬ ਦੇ ਇੱਕ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਅੱਜ ਸਵੇਰ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੌਰਾਨ ਜ਼ਿਆਦਾਤਰ ਕਿਸਾਨਾਂ ਨੂੰ ਝੋਨੇ ਦੀ ਵਾਢੀ ਨੂੰ ਲੈ ਕੇ ਫ਼ਿਕਰ ਸਤਾਉਣ ਲੱਗਾ ਹੈ। ਉਪਰੋਂ ਮੰਡੀਆਂ ਵਿੱਚ ਝੋਨਾ ਨਾ ਵਿਕਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਵੱਖਰਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਣੇ ਹੋਰਨਾਂ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ ਹੀ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਖੇਤਾਂ ਵਿੱਚ ਝੋਨੇ ਦੀ ਫਸਲ ਵਿਛ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਅਗਲੇ 48 ਘੰਟੇ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਕਾਲੇ ਬੱਦਲ ਹਾਲਾਂਕਿ ਸਵੇਰੇ ਤੋਂ ਛਾਏ ਹੋਏ ਸਨ। ਮੁਹਾਲੀ, ਪੰਚਕੂਲਾ ਤੇ ਅੰਬਾਲਾ ਸਣੇ ਨੇੜਲੇ ਇਲਾਕਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਬਿਜਲੀ ਦੀ ਗਰਜ ਨਾਲ ਦਰਮਿਆਨਾ ਮੀਂਹ ਪੈਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਮੀਂਹ ਕਰਕੇ ਹਾਲਾਂਕਿ ਕਈ ਇਲਾਕਿਆਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਤੇ ਮੌਸਮ ਵਿਚ ਠੰਢ ਵਧ ਗਈ ਹੈ। ਕਿਸਾਨਾਂ ਨੂੰ ਜੇਕਰ ਛੱਡ ਦੇਈਏ ਤਾਂ ਆਮ ਲੋਕਾਂ ਨੂੰ ਗਰਮੀ ਤੇ ਹੁਮਸ ਤੋਂ ਰਾਹਤ ਮਿਲੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਪੱਛਮੀ ਗੜਬੜੀ ਦੇ ਅਸਰ ਤੇ ਹੁਮਸ ਭਰੀ ਹਵਾਵਾਂ ਕਰਕੇ ਪੈ ਰਿਹਾ ਹੈ। ਅਗਲੇ ਇਕ ਦੋ ਦਿਨਾਂ ਤੱਕ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਪੰਜਾਬ ਵਿਚ ਤੇਜ਼ ਹਵਾਵਾਂ ਨਾਲ ਮੀਂਹ ਕਰਕੇ ਮੰਡੀਆਂ ’ਚ ਭਿੱਜਿਆ ਝੋਨਾ
ਪੰਜਾਬ ਵਿਚ ਐਤਵਾਰ ਸਵੇਰੇ ਵੀ ਮੀਂਹ ਪਿਆ ਸੀ। ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ। ਅਚਾਨਕ ਪਏ ਮੀਂਹ ਨਾਲ ਮੰਡੀਆਂ ਵਿੱਚ ਵਿਕਰੀ ਲਈ ਲਿਆਂਦੀ ਗਈ ਝੋਨੇ ਦੀ ਫਸਲ ਭਿੱਜ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨੇ ਝੋਨੇ ਦੀ ਕਟਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਫਸਲ ਤਿਆਰ ਸੀ, ਉੱਥੇ ਖੇਤ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਵਾਢੀ ਰੋਕਣੀ ਪਈ। ਕਈ ਮੰਡੀਆਂ ਵਿੱਚ ਗਿੱਲੀ ਫਸਲ ਕਾਰਨ ਅਨਾਜ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।
ਦਿੱਲੀ-ਐਨਸੀਆਰ ਵਿੱਚ ਵੀ ਬਦਲਿਆ ਮੌਸਮ ਦਾ ਮਿਜ਼ਾਜ
ਸੋਮਵਾਰ ਸਵੇਰੇ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਪਏ ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਗਰਮੀ ਅਤੇ ਹੁਮਸ ਵਾਲੇ ਮੌਸਮ ਤੋਂ ਨਿਜਾਤ ਦਿਵਾਈ ਹੈ। ਕੌਮੀ ਰਾਜਧਾਨੀ ਵਿੱਚ ਸਤੰਬਰ ਅਤੇ ਅਕਤੂਬਰ ਦੇ ਸ਼ੁਰੂ ਵਿੱਚ ਅਸਧਾਰਨ ਉੱਚ ਤਾਪਮਾਨ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ, ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਔਸਤ ਤੋਂ ਦੋ ਡਿਗਰੀ ਘੱਟ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ ਸੀ।
ਸ਼ਹਿਰ ਵਿਚ ਕਈ ਥਾਵਾਂ ’ਤੇ ਮੀਂਹ ਦਰਜ ਕੀਤਾ ਗਿਆ। ਆਈਐਮਡੀ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦੇ ਬੇਸ ਆਬਜ਼ਰਵੇਟਰੀ, ਸਫਦਰਜੰਗ ਵਿੱਚ ਸਵੇਰੇ 8:30 ਵਜੇ ਤੱਕ 10.3 ਮਿਲੀਮੀਟਰ (ਐਮਐਮ) ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਲੋਧੀ ਰੋਡ ’ਤੇ 13.2 ਮਿਲੀਮੀਟਰ, ਪਾਲਮ ਵਿੱਚ 4.6 ਮਿਲੀਮੀਟਰ, ਰਿਜ ਵਿੱਚ 8.2 ਮਿਲੀਮੀਟਰ ਅਤੇ ਅਯਾਨਗਰ ਵਿੱਚ ਇਸੇ ਸਮੇਂ ਦੌਰਾਨ 5.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨ ਵੇਲੇ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਵਿਭਾਗ ਨੇ ਦਿਨ ਭਰ ਅਤੇ ਸ਼ਾਮ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।