ਮੀਂਹ ਦਾ ਕਹਿਰ: ਸੜਕਾਂ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਦਾ ਦੇਸ਼ ਦੇ ਹੋਰ ਹਿੱਸਿਆਂ ਨਾਲ ਸੰਪਰਕ ਟੁੱਟਿਆ
Kashmir cut off from rest of India, rising Yamuna threatens Delhiਉੱਤਰੀ ਭਾਰਤ ਵਿਚ ਮੀਂਹ ਦਾ ਕਹਿਰ ਜਾਰੀ ਹੈ। ਕਸ਼ਮੀਰ ਵਾਦੀ ਵਿਚ ਜ਼ਿਆਦਾਤਰ ਸੜਕਾਂ ਬੰਦ ਹੋਣ ਕਾਰਨ ਇਹ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟ ਗਈ ਹੈ ਕਿਉਂਕਿ ਅੱਜ ਕਈ ਥਾਈਂ ਜ਼ਮੀਨ ਖਿਸਕ ਗਈ ਅਤੇ ਮੀਂਹ ਕਾਰਨ ਸੜਕਾਂ ਧੱਸ ਗਈਆਂ ਹਨ। 26 ਅਗਸਤ ਤੋਂ ਹਾਈਵੇਅ ਅਤੇ ਹੋਰ ਅੰਤਰ-ਖੇਤਰੀ ਸੜਕਾਂ ਦੇ ਬੰਦ ਹੋਣ ਕਾਰਨ ਕਠੂਆ ਤੋਂ ਕਸ਼ਮੀਰ ਤੱਕ ਵੱਖ-ਵੱਖ ਥਾਵਾਂ ’ਤੇ 3,500 ਤੋਂ ਵੱਧ ਵਾਹਨ ਫਸ ਗਏ ਹਨ।
ਇਸ ਤੋਂ ਇਲਾਵਾ ਜੰਮੂ-ਰਾਜੌਰੀ-ਪੁਣਛ ਹਾਈਵੇਅ ਅਤੇ ਬਟੋਟ-ਡੋਡਾ-ਕਿਸ਼ਤਵਾੜ ਹਾਈਵੇਅ ਸਮੇਤ ਹੋਰ ਅਹਿਮ ਹਾਈਵੇਅ ਢਿੱਗਾਂ ਡਿੱਗਣ ਤੇ ਸੜਕਾਂ ਦੇ ਕੁਝ ਹਿੱਸੇ ਧੱਸ ਜਾਣ ਕਾਰਨ ਆਵਾਜਾਈ ਲਈ ਬੰਦ ਹਨ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਵੀ ਮੀਂਹ ਦਾ ਕਹਿਰ ਜਾਰੀ ਹੈ ਅਤੇ ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਦਿੱਲੀ ਵਾਸੀ ਸਹਿਮੇ ਹੋਏ ਹਨ। ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਵਰਗੀ ਸਥਿਤੀ ਕਾਰਨ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਹਨ, ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਾਰੋਬਾਰ ਠੱਪ ਹੋ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਜ਼ਮੀਨ ਖਿਸਕਣ ਕਾਰਨ ਦੋ ਘਰ ਢਹਿ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਮਲਬੇ ਹੇਠ ਦੱਬ ਗਏ। ਐਨਡੀਆਰਐਫ ਦੀ ਇੱਕ ਟੀਮ ਨੇ ਇੱਕ ਔਰਤ ਸਮੇਤ ਤਿੰਨ ਲੋਕਾਂ ਨੂੰ ਬਚਾਇਆ ਅਤੇ ਇੱਕ ਲਾਸ਼ ਬਰਾਮਦ ਕੀਤੀ।