Railways to install CCTV cameras in coaches ਰੇਲ ਗੱਡੀਆਂ ਦੇ ਸਾਰੇ ਕੋਚਾਂ ’ਚ ਸੀਸੀਟੀਵੀ ਕੈਮਰੇ ਲਾਵੇਗਾ ਰੇਲਵੇ
ਨਵੀਂ ਦਿੱਲੀ, 13 ਜੁਲਾਈ
ਰੇਲਵੇ ਵੱਲੋਂ ਰੇਲ ਗੱਡੀਆਂ ਦੇ ਸਾਰੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਯਾਤਰੀਆਂ ਦੀ ਸੁਰੱਖਿਆ ਵਿੱਚ ਕਾਫ਼ੀ ਸੁਧਾਰ ਹੋਵੇਗਾ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸ਼ਰਾਰਤੀ ਅਨਸਰ ਤੇ ਗਰੋਹ ਭੋਲੇ ਭਾਲੇ ਯਾਤਰੀਆਂ ਦਾ ਫਾਇਦਾ ਉਠਾਉਂਦੇ ਹਨ ਪਰ ਕੈਮਰਿਆਂ ਨਾਲ ਅਜਿਹੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਵੇਗੀ। ਯਾਤਰੀਆਂ ਦੀ ਨਿੱਜਤਾ ਦਾ ਧਿਆਨ ਰੱਖਦਿਆਂ ਰੇਲਵੇ ਵਲੋਂ ਗੱਡੀ ਦੇ ਦਰਵਾਜ਼ਿਆਂ ਦੇ ਨੇੜੇ ਸਾਂਝੇ ਆਵਾਜਾਈ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੋਕੋਮੋਟਿਵ ਅਤੇ ਕੋਚਾਂ ਵਿੱਚ ਸੀਸੀਟੀਵੀ ਕੈਮਰਿਆਂ ਲਾਉਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਰੇਲਵੇ ਦੇ ਲੋਕੋ ਇੰਜਣਾਂ ਅਤੇ ਕੋਚਾਂ ਵਿੱਚ ਸਫਲ ਪ੍ਰੀਖਣ ਕੀਤੇ ਗਏ ਹਨ। ਕੇਂਦਰੀ ਮੰਤਰੀ ਨੇ ਸਾਰੇ 74,000 ਕੋਚਾਂ ਅਤੇ 15,000 ਇੰਜਣਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਹਰੇਕ ਰੇਲਵੇ ਕੋਚ 4 ਵੱਡੇ ਸੀਸੀਟੀਵੀ ਕੈਮਰਿਆਂ ਨਾਲ ਕਵਰ ਕੀਤਾ ਜਾਵੇਗਾ। ਇਹ ਸੀਸੀਟੀਵੀ ਕੈਮਰੇ ਨਵੀਨਤਮ ਤਕਨਾਲੋਜੀ ਨਾਲ ਸੁਸੱਜਤ ਹੋਣਗੇ। ਕੇਂਦਰੀ ਰੇਲਵੇ ਮੰਤਰੀ ਨੇ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਅਤੇ ਘੱਟ ਰੋਸ਼ਨੀ ਵਾਲੀਆਂ ਸਥਿਤੀਆਂ ਵਿੱਚ ਵੀ ਉੱਚ ਗੁਣਵੱਤਾ ਵਾਲੀ ਕੈਮਰਿਆਂ ਦੀ ਫੁਟੇਜ ਉਪਲਬਧ ਹੋਵੇ।