ਢਿੱਗਾਂ ਡਿੱਗਣ ਕਾਰਨ ਹਰਿਦੁਆਰ ਵਿੱਚ ਰੇਲ ਮਾਰਗ ਬੰਦ
ਇੱਥੇ ਹਰ ਕੀ ਪੌੜੀ ਨੇੜੇ ਸੋਮਵਾਰ ਨੂੰ ਮਨਸਾ ਦੇਵੀ ਪਹਾੜੀਆਂ ’ਤੇ ਢਿੱਗਾਂ ਡਿੱਗਣ ਕਾਰਨ ਹਰਿਦੁਆਰ-ਦੇਹਰਾਦੂਨ ਰੇਲ ਮਾਰਗ ਬੰਦ ਹੋ ਗਿਆ। ਰੇਲਵੇ ਪੁਲੀਸ ਸੁਪਰਡੈਂਟ ਅਰੁਣਾ ਭਾਰਤੀ ਨੇ ਦੱਸਿਆ ਕਿ ਕਾਲੀ ਮੰਦਰ ਨੇੜੇ ਭੀਮਗੋੜਾ ਵਿੱਚ ਮਨਸਾ ਦੇਵੀ ਪਹਾੜੀ ਤੋਂ ਪੱਥਰ ਰੇਲਵੇ ਟਰੈਕ ’ਤੇ ਡਿੱਗ ਪਏ, ਜਿਸ ਕਾਰਨ ਹਰਿਦੁਆਰ-ਦੇਹਰਾਦੂਨ-ਰਿਸ਼ੀਕੇਸ਼ ਰੇਲਵੇ ਮਾਰਗ ਬੰਦ ਹੋ ਗਿਆ।
ਉਨ੍ਹਾਂ ਕਿਹਾ ਕਿ ਭੀਮਗੋੜਾ ਰੇਲਵੇ ਸੁਰੰਗ ਨੇੜੇ ਮਲਬੇ ਕਾਰਨ ਰੇਲਵੇ ਟਰੈਕ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਨਾਲ ਵੰਦੇ ਭਾਰਤ ਐਕਸਪ੍ਰੈਸ ਸਮੇਤ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਸਰਕਲ ਅਧਿਕਾਰੀ ਸਵਪਨਿਲ ਸੁਯਾਲ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਰੇਲਵੇ ਟਰੈਕ ਨੇੜੇ ਬਣਿਆ ਸ਼ਿਵ ਮੰਦਰ ਵੀ ਢਹਿ ਗਿਆ।
#WATCH | हरिद्वार रेलवे ट्रैक पर बोल्डर गिरने से हरिद्वार-ऋषिकेश रेलवे ट्रैक बाधित हुआ। रेलवे के कर्मचारी मौके पर मौजूद हैं। ट्रैक की बहाली का काम जारी है।
(सोर्स: GRP पुलिस हरिद्वार) pic.twitter.com/SOmmLburhM
— ANI_HindiNews (@AHindinews) September 8, 2025
ਰੇਲਵੇ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਟਰੈਕ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਵੰਦੇ ਭਾਰਤ ਐਕਸਪ੍ਰੈਸ ਸਮੇਤ ਰੂਟ ’ਤੇ ਰੇਲ ਗੱਡੀਆਂ ਦੀ ਆਵਾਜਾਈ ਮੁਅੱਤਲ ਕਰ ਦਿੱਤੀ ਗਈ ਹੈ ਕਿਉਂਕਿ ਮਲਬਾ ਹਟਾਉਣ ਵਿੱਚ 8-10 ਘੰਟੇ ਲੱਗ ਸਕਦੇ ਹਨ।