Rail Accident: ਮਹਾਰਾਸ਼ਟਰ: ਰੇਲ ਗੱਡੀ ਹੇਠ ਆਉਣ ਕਾਰਨ 12 ਹਲਾਕ
ਮੁੰਬਈ, 22 ਜਨਵਰੀ
ਇੱਥੋਂ ਦੇ ਜਲਗਾਓਂ ਜ਼ਿਲ੍ਹੇ ਵਿਚ ਪੁਸ਼ਪਕ ਐਕਸਪ੍ਰੈਸ ਦੇ ਯਾਤਰੀਆਂ ਦੀ ਕਰਨਾਟਕ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ 12 ਯਾਤਰੀਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋ ਗਏ। ਇਸ ਮੌਕੇ ਰੇਲਵੇ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਹ ਪਤਾ ਲੱਗਿਆ ਹੈ ਕਿ ਪੁਸ਼ਪਕ ਐਕਸਪ੍ਰੈਸ ਰੇਲ ਗੱਡੀ ਵਿਚ ਅੱਗ ਲੱਗਣ ਦੀ ਅਫਵਾਹ ਫੈਲ ਗਈ ਤੇ ਕਿਸੇ ਯਾਤਰੀ ਨੇ ਇਸ ਦੀ ਚੇਨ ਖਿੱਚ ਦਿੱਤੀ। ਇਸ ਦੌਰਾਨ ਇਸ ਰੇਲ ਗੱਡੀ ਦੇ ਯਾਤਰੀ ਹੇਠਾਂ ਉਤਰ ਆਏ ਜੋ ਦੂਜੀ ਦਿਸ਼ਾ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਜਿਸ ਕਾਰਨ 12 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ।
ਪੁਲੀਸ ਦੇ ਇੰਸਪੈਕਟਰ ਜਨਰਲ ਦੱਤਾਤ੍ਰੇਅ ਕਰਾਲੇ ਨੇ ਪੀਟੀਆਈ ਨੂੰ ਦੱਸਿਆ ਕਿ 12 ਲਾਸ਼ਾਂ ਨੂੰ ਨੇੜਲੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਦੋਂ ਕਿ ਛੇ ਤੋਂ ਸੱਤ ਲੋਕ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ। ਇਹ ਹਾਦਸਾ ਮੁੰਬਈ ਤੋਂ 400 ਕਿਲੋਮੀਟਰ ਦੂਰ ਪਚੋਰਾ ਨੇੜੇ ਮਹੇਜੀ ਅਤੇ ਪਰਧਾਦੇ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰਿਆ ਜਿੱਥੇ 12533 ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ਸ਼ਾਮ 5 ਵਜੇ ਦੇ ਕਰੀਬ ਕਿਸੇ ਵਲੋਂ ਚੇਨ ਖਿੱਚਣ ਤੋਂ ਬਾਅਦ ਰੁਕ ਗਈ ਸੀ।
ਕੇਂਦਰੀ ਰੇਲਵੇ ਦੇ ਮੁੱਖ ਬੁਲਾਰੇ ਸਵਪਨਿਲ ਨੀਲਾ ਨੇ ਦੱਸਿਆ ਕਿ ਪੁਸ਼ਪਕ ਐਕਸਪ੍ਰੈਸ ਦੇ ਕੁਝ ਯਾਤਰੀਆਂ ਨੇ ਇਸ ਤੋਂ ਬਾਅਦ ਰੇਲ ਗੱਡੀ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਬੰਗਲੁਰੂ ਤੋਂ ਦਿੱਲੀ ਜਾ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਵਿਚ ਆ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਰੇਲ ਗੱਡੀਆਂ ਆਪੋ-ਆਪਣੇ ਅਗਲੇ ਸਟੇਸ਼ਨਾਂ ’ਤੇ ਪਹੁੰਚ ਗਈਆਂ ਹਨ ਅਤੇ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਪੁਸ਼ਪਕ ਐਕਸਪ੍ਰੈਸ ਸਿਰਫ 15 ਮਿੰਟਾਂ ਵਿੱਚ ਮੌਕੇ ਤੋਂ ਰਵਾਨਾ ਹੋ ਗਈ, ਜਦਕਿ ਕਰਨਾਟਕ ਐਕਸਪ੍ਰੈਸ ਨੂੰ ਹਾਦਸੇ ਤੋਂ ਬਾਅਦ 20 ਮਿੰਟਾਂ ਵਿੱਚ ਹਟਾ ਦਿੱਤਾ ਗਿਆ।
ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਪਚੋਰਾ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਖਤਰੇ ਤੋਂ ਬਾਹਰ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕਾਂ ਦਾ ਚੀਕ ਚਿਹਾੜਾ ਪੈ ਗਿਆ।