ਕਸ਼ਮੀਰ ਟਾਈਮਜ਼ ’ਤੇ ਛਾਪੇਮਾਰੀ 'ਦਬਾਅ ਦੀ ਚਾਲ': ਐੱਨਸੀ ਅਤੇ ਪੀਡੀਪੀ
ਨੈਸ਼ਨਲ ਕਾਨਫਰੰਸ (NC) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਨੇ ਵੀਰਵਾਰ ਨੂੰ ਕਸ਼ਮੀਰ ਟਾਈਮਜ਼ ਦੇ ਦਫ਼ਤਰ ’ਤੇ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਦੇ ਛਾਪੇ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਮੀਡੀਆ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਦੋਵਾਂ ਪਾਰਟੀਆਂ ਨੇ...
ਨੈਸ਼ਨਲ ਕਾਨਫਰੰਸ (NC) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਨੇ ਵੀਰਵਾਰ ਨੂੰ ਕਸ਼ਮੀਰ ਟਾਈਮਜ਼ ਦੇ ਦਫ਼ਤਰ ’ਤੇ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਦੇ ਛਾਪੇ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਮੀਡੀਆ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਦੋਵਾਂ ਪਾਰਟੀਆਂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਜੰਮੂ-ਕਸ਼ਮੀਰ ਵਿੱਚ ਆਜ਼ਾਦ ਮੀਡੀਆ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵਿਆਪਕ ਡਰਾਉਣ-ਧਮਕਾਉਣ ਦੀ ਰਣਨੀਤੀ ਨੂੰ ਦਰਸਾਉਂਦੀ ਹੈ। ਜੰਮੂ-ਕਸ਼ਮੀਰ ਪੁਲੀਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਕਥਿਤ ਤੌਰ ’ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਜੋਂ ਪ੍ਰਕਾਸ਼ਨ ਦੇ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਹੋਰ ਚੀਜ਼ਾਂ ਦੇ ਨਾਲ ਏ ਕੇ ਰਾਈਫਲਾਂ ਅਤੇ ਪਿਸਤੌਲਾਂ ਦੇ ਕਾਰਤੂਸ ਬਰਾਮਦ ਕੀਤੇ।
ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਜਾਂਚ ਏਜੰਸੀ ਵੱਲੋਂ ਕੋਈ ਵੀ ਕਾਰਵਾਈ ਗਲਤ ਕੰਮ ਦੇ ਸਬੂਤਾਂ ’ਤੇ ਸਖ਼ਤੀ ਨਾਲ ਅਧਾਰਤ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, "ਜੇਕਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ, ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੇ ਗਲਤੀ ਕੀਤੀ ਹੈ, ਤਾਂ ਉਹ ਨਤੀਜੇ ਭੁਗਤਣਗੇ। ਪਰ ਇਹ ਸਿਰਫ਼ ਦਬਾਅ ਪਾਉਣ ਲਈ ਨਹੀਂ ਕੀਤਾ ਜਾਣਾ ਚਾਹੀਦਾ। ਜੇ ਤੁਸੀਂ ਇਹ ਸਿਰਫ਼ ਦਬਾਅ ਬਣਾਉਣ ਲਈ ਕਰਦੇ ਹੋ, ਤਾਂ ਇਹ ਗਲਤ ਹੋਵੇਗਾ।"
ਇਹ ਵੀ ਪੜ੍ਹੋ: ਕਸ਼ਮੀਰ ਟਾਈਮਜ਼ ਦੇ ਜੰਮੂ ਦਫ਼ਤਰ ’ਤੇ ਛਾਪੇਮਾਰੀ, ਏ ਕੇ ਰਾਈਫਲਾਂ ਦੇ ਕਾਰਤੂਸ ਬਰਾਮਦ
ਪੀਡੀਪੀ ਨੇਤਾ ਇਲਤਿਜਾ ਮੁਫਤੀ, ਜੋ ਪਾਰਟੀ ਮੁਖੀ ਮਹਿਬੂਬਾ ਮੁਫਤੀ ਦੀ ਧੀ ਹਨ, ਨੇ ਕਿਹਾ ਕਿ ਕਸ਼ਮੀਰ ਟਾਈਮਜ਼ ਨੇ ਇਸ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਦਾ ਲੰਬੇ ਸਮੇਂ ਤੋਂ ਵਿਰੋਧ ਕੀਤਾ ਹੈ।
ਉਸਨੇ ਕਿਹਾ, "ਕਸ਼ਮੀਰ ਟਾਈਮਜ਼ ਕਸ਼ਮੀਰ ਦੇ ਉਨ੍ਹਾਂ ਵਿਸ਼ੇਸ਼ ਅਖਬਾਰਾਂ ਵਿੱਚੋਂ ਇੱਕ ਹੈ ਜਿਸ ਨੇ ਨਾ ਸਿਰਫ਼ ਸੱਤਾ ਨੂੰ ਸੱਚ ਬੋਲਿਆ ਬਲਕਿ ਦਬਾਅ ਅਤੇ ਧਮਕੀਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੀ ਆੜ ਵਿੱਚ ਉਨ੍ਹਾਂ ਦੇ ਦਫ਼ਤਰਾਂ 'ਤੇ ਛਾਪੇਮਾਰੀ ਕਰਨਾ ਹਾਸੋਹੀਣਾ ਹੈ ਅਤੇ ਇਹ ਅੱਤ ਦੀ ਜ਼ਬਰਦਸਤੀ ਨੂੰ ਦਰਸਾਉਂਦਾ ਹੈ।" ਉਸਨੇ ਸਵਾਲ ਕੀਤਾ, "ਕਸ਼ਮੀਰ ਵਿੱਚ, ਸੱਚ ਦੀ ਹਰ ਆਵਾਜ਼ ਨੂੰ 'ਦੇਸ਼ ਵਿਰੋਧੀ' ਕਹਿ ਕੇ ਦਬਾਇਆ ਜਾ ਰਿਹਾ ਹੈ। ਕੀ ਅਸੀਂ ਸਾਰੇ ਦੇਸ਼ ਵਿਰੋਧੀ ਹਾਂ?"
ਪੀ ਡੀ ਪੀ ਯੂਥ ਪ੍ਰਧਾਨ ਆਦਿਤਿਆ ਗੁਪਤਾ ਨੇ ਵੀ ਅਖਬਾਰ ਦੇ ਸੰਸਥਾਪਕ ਦੀ ਵਿਰਾਸਤ ਦਾ ਹਵਾਲਾ ਦਿੰਦੇ ਹੋਏ ਛਾਪੇਮਾਰੀ ਦੀ ਆਲੋਚਨਾ ਕੀਤੀ। ਪੀਟੀਆਈ

