DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਏ ਬਰੇਲੀ ਸੀਟ ਰੱਖਣਗੇ ਰਾਹੁਲ, ਪ੍ਰਿਯੰਕਾ ਵਾਇਨਾਡ ਤੋਂ ਲੜੇਗੀ ਚੋਣ

ਨਵੀਂ ਦਿੱਲੀ, 17 ਜੂਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਆਪਣੇ ਕੋਲ ਰੱਖਣਗੇ ਤੇ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਛੱਡ ਦੇਣਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 17 ਜੂਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਆਪਣੇ ਕੋਲ ਰੱਖਣਗੇ ਤੇ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਛੱਡ ਦੇਣਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਲੜਨਗੇ। ਖੜਗੇ ਨੇ ਅੱਜ ਆਪਣੀ ਰਿਹਾਇਸ਼ ’ਤੇ ਪਾਰਟੀ ਦੇ ਸਿਖਰਲੇ ਆਗੂਆਂ ਨਾਲ ਹੋਈ ਵਿਚਾਰ ਚਰਚਾ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਧਰ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਇਕ ਸੀਟ ਦੀ ਚੋਣ ਕਰਨਾ ਬਹੁਤ ਮੁਸ਼ਕਲ ਫੈਸਲਾ ਸੀ ਜਦੋਂਕਿ ਪ੍ਰਿਯੰਕਾ ਨੇ ਕਿਹਾ ਕਿ ਉਹ ਵਾਇਨਾਡ ਦੇ ਲੋਕਾਂ ਨੂੰ ਰਾਹੁਲ ਗਾਂਧੀ ਦੀ ਕਮੀ ਮਹਿਸੂਸ ਨਹੀਂ ਹੋਣ ਦੇੇਵੇਗੀ।

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਸ਼ਾਮਲ ਪਾਰਟੀ ਆਗੂ। -ਫੋਟੋ: ਪੀਟੀਆਈ

ਬੈਠਕ ਵਿਚ ਮੌਜੂਦ ਰਾਹੁਲ ਗਾਂਧੀ ਨੇ ਕਿਹਾ ਕਿ ਦੋਵਾਂ ਵਿਚੋਂ ਕਿਸੇ ਇਕ ਸੀਟ ਨੂੰ ਛੱਡਣਾ ਉਨ੍ਹਾਂ ਲਈ ਮੁਸ਼ਕਲ ਫੈਸਲਾ ਸੀ ਕਿਉਂਕਿ ਰਾਏ ਬਰੇਲੀ ਤੇ ਵਾਇਨਾਡ ਦੋਵਾਂ ਨਾਲ ਉਨ੍ਹਾਂ ਦਾ ਭਾਵਨਾਤਮਕ ਰਿਸ਼ਤਾ ਹੈ। ਗਾਂਧੀ ਨੇ ਕਿਹਾ, ‘‘ਵਾਇਨਾਡ ਤੋਂ ਸੰਸਦ ਮੈਂਬਰ ਵਜੋਂ ਪਿਛਲੇ ਪੰਜ ਸਾਲ ਬਹੁਤ ਸ਼ਾਨਦਾਰ ਤੇ ਆਨੰਦਮਈ ਤਜਰਬਾ ਰਿਹਾ ਹੈ। ਵਾਇਨਾਡ ਦੇ ਲੋਕਾਂ ਨੇ ਮੈਨੂੰ ਬਹੁਤ ਮੁਸ਼ਕਲ ਸਮੇਂ ਹਮਾਇਤ ਤੇ ਲੜਨ ਦੀ ਤਾਕਤ ਦਿੱਤੀ। ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਦਾ... ਮੈਂ ਵਾਇਨਾਡ ਦੀ ਫੇਰੀ ਲਾਉਂਦਾ ਰਹਾਂਗਾ ਤੇ ਵਾਇਨਾਡ ਨਾਲ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਾਂਗੇ।’’ ਵਿਚਾਰ ਚਰਚਾ ਵਿਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਪ੍ਰਿਯੰਕਾ ਗਾਂਧੀ ਵੀ ਹਾਜ਼ਰ ਸਨ। ਬੈਠਕ ਉਪਰੰਤ ਖੜਗੇ ਨੇ ਕਿਹਾ, ‘‘ਰਾਹੁਲ ਗਾਂਧੀ ਦੋ ਲੋਕ ਸਭਾ ਸੀਟਾਂ ਤੋਂ ਜਿੱਤੇ ਹਨ, ਪਰ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇਕ ਸੀਟ ਛੱਡਣੀ ਪੈਣੀ ਹੈ। ਰਾਹੁਲ ਗਾਂਧੀ ਰਾਏ ਬਰੇਲੀ ਦੀ ਸੀਟ ਰੱਖਣਗੇ ਤੇ ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਯੰਕਾ ਜੀ ਵਾਇਨਾਡ ਤੋਂ ਚੋਣ ਲੜਨਗੇ।’’ ਰਾਹੁਲ ਗਾਂਧੀ ਨੇ ਕਿਹਾ ਕਿ ਰਾਏ ਬਰੇਲੀ ਤੇ ਵਾਇਨਾਡ ਦੋਵਾਂ ਨੂੰ ‘ਦੋ ਸੰਸਦ ਮੈਂਬਰ’ ਮਿਲਣਗੇ। ਗਾਂਧੀ ਨੇ ਕਿਹਾ, ‘‘ਰਾਏ ਬਰੇਲੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਦੀ ਨੁਮਾਇੰਦਗੀ ਕਰਾਂਗਾ। ਇਹ ਕੋਈ ਸੌਖਾ ਫੈਸਲਾ ਨਹੀਂ ਸੀ ਕਿਉਂਕਿ ਪਿਆਰ ਦੋਵਾਂ (ਵਾਇਨਾਡ ਤੇ ਰਾਏ ਬਰੇਲੀ) ਨਾਲ ਹੈ।’’ ਲੋਕ ਸਭਾ ਚੋਣਾਂ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ ਤੇ ਕਾਨੂੰਨ ਮੁਤਾਬਕ ਰਾਹੁਲ ਗਾਂਧੀ ਨੂੰ ਨਤੀਜਾ ਐਲਾਨੇ ਜਾਣ ਤੋਂ 14 ਦਿਨਾਂ ਅੰਦਰ ਇਕ ਸੀਟ ਛੱਡਣੀ ਪੈਣੀ ਸੀ। ਉਧਰ ਪ੍ਰਿਯੰਕਾ ਨੇ ਕਿਹਾ, ‘‘ਮੈਂ ਵਾਇਨਾਡ ਦੇ ਲੋਕਾਂ ਨੂੰ ਰਾਹੁਲ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੀ।’’ -ਪੀਟੀਆਈ

Advertisement
×