ਨਵੀਂ ਦਿੱਲੀ, 2 ਫਰਵਰੀਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ’ਚ ਇੱਕ ਲਾਪਤਾ ਦਲਿਤ ਔਰਤ ਦੀ ਲਾਸ਼ ਇੱਕ ਨਹਿਰ ਵਿੱਚੋਂ ਮਿਲਣ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ’ਤੇ ਵਰ੍ਹਦਿਆਂ ਦੋਸ਼ੀਆਂ ਅਤੇ ਮਾਮਲੇ ਸਬੰਧੀ ਕਦਮ ਨਾ ਚੁੱਕਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਭਾਜਪਾ ਨੂੰ ‘‘ਬਹੁਜਨ ਵਿਰੋਧੀ’’ (Rahul, Priyanka slam 'anti-Bahujan' BJP) ਕਰਾਰ ਦਿੱਤਾ ਹੈ।ਪੁਲੀਸ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਲਾਪਤਾ ਹੋਈ 22 ਵਰ੍ਹਿਆਂ ਦੀ ਦਲਿਤ ਔਰਤ ਦੀ ਨਿਰਵਸਤਰ ਲਾਸ਼ ਉਸ ਦੇ ਪਿੰਡ ਨੇੜੇ ਇੱਕ ਸੁੰਨਸਾਨ ਨਹਿਰ ਵਿਚੋਂ ਮਿਲੀ। ਮ੍ਰਿਤਕਾ ਦੇ ਪਰਿਵਾਰ ਨੇ ਕਤਲ ਦਾ ਦੋਸ਼ ਲਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਔਰਤ ਦੀਆਂ ਅੱਖਾਂ ਕੱਢੀਆਂ ਹੋਈਆਂ ਸਨ ਤੇ ਲਾਸ਼ ’ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਸਨ। ਪਰਿਵਾਰਕ ਮੈਂਬਰਾਂ ਨੇ ਕਥਿਤ ਦੋਸ਼ ਲਾਇਆ ਕਿ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਉਣ ਦੇ ਬਾਵਜੂਦ ਪੁਲੀਸ ਨੇ ਸਰਗਰਮੀ ਨਾਲ ਉਸ ਦੀ ਭਾਲ ਨਹੀਂ ਕੀਤੀ।ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘‘ਅਯੁੱਧਿਆ ’ਚ ਦਲਿਤ ਲੜਕੀ ਦੀ ਅਣਮਨੁੱਖੀ ਤੇ ਵਹਿਸ਼ੀ ਢੰਗ ਨਾਲ ਕੀਤੀ ਗਈ ਕਥਿਤ ਹੱਤਿਆ ਦਿਲ ਦੁਖਾਉਣ ਵਾਲਾ ਤੇ ਸ਼ਰਮਨਾਕ ਕਾਰਾ ਹੈ। ਜੇਕਰ ਪੁਲੀਸ ਨੇ ਲੜਕੀ ਦੇ ਪਰਿਵਾਰ ਪ੍ਰਤੀ ਹਮਦਰਦੀ ਦਿਖਾਈ ਹੁੰਦੀ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ।’’ ਕਾਂਗਰਸੀ ਸੰਸਦ ਮੈਂਬਰ ਰਾਹੁਲ ਨੇ ਇੱਕ ਹੋਰ ਪੋਸਟ ’ਚ ਕਿਹਾ, ‘‘ਘਿਣਾਉਣੇ ਅਪਰਾਧ ਕਾਰਨ ਇੱਕ ਹੋਰ ਲੜਕੀ ਦੀ ਜਾਨ ਚਲੀ ਗਈ। ਕਿੰਨਾ ਚਿਰ ਅਤੇ ਕਿੰਨੇ ਹੋਰ ਪਰਿਵਾਰ ਇਸ ਤਰ੍ਹਾਂ ਦੁੱਖ ਝੱਲਦੇ ਰਹਿਣਗੇ? ਭਾਜਪਾ ਦੇ ‘ਬਹੁਜਨ ਵਿਰੋਧੀ’ ਸ਼ਾਸਨ ਖਾਸਕਰ ਉੱਤਰ ਪ੍ਰਦੇਸ਼ ’ਚ, ਦੇ ਨਤੀਜੇ ਵਜੋਂ ਦਲਿਤਾਂ ’ਤੇ ਜ਼ੁਲਮ, ਅਨਿਆਂ ਤੇ ਕਤਲਾਂ ’ਚ ਵਾਧਾ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਜੁਰਮ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਅਤੇ ਸਮੁੱਚੇ ਦਲਿਤ ਭਾਈਚਾਰੇ ਦੀਆਂ ਬੇਟੀਆਂ ਨਿਆਂ ਲਈ ਤੁਹਾਡੇ ਵੱਲ ਦੇਖ ਰਹੀਆਂ ਹਨ।ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦਲਿਤ ਲੜਕੀ ’ਤੇ ਜ਼ੁਲਮ ਦੀਆਂ ਅਜਿਹੀਆਂ ਘਟਨਾਵਾਂ ਸਮੁੱਚੀ ਮਨੁੱਖਤਾ ਲਈ ਸ਼ਰਮਨਾਕ ਹਨ। ਉਨ੍ਹਾਂ ਕਿਹਾ, ‘‘ਲੜਕੀ ਤਿੰਨ ਦਿਨਾਂ ਤੋਂ ਲਾਪਤਾ ਸੀ। ਭਾਜਪਾ ਦੇ ‘ਜੰਗਲ ਰਾਜ ’ਚ ਦਲਿਤਾਂ, ਕਬਾਇਲੀਆਂ, ਪਛੜੇ ਵਰਗਾਂ ਤੇ ਗਰੀਬਾਂ ਦੇ ਦਰਦ ਸੁਣਨ ਵਾਲਾ ਕੋਈ ਨਹੀਂ ਹੈ।’’ ਦੂਜੇ ਪਾਸੇ ਸਰਕਲ ਅਧਿਕਾਰੀ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ