DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨ ਬਾਰੇ ਰਾਹੁਲ ਗਾਂਧੀ ਦਾ ਬਿਆਨ ਸਰਾਸਰ ਝੂਠ: ਰਾਜਨਾਥ ਸਿੰਘ

ਦੇਸ਼ ਹਿੱਤ ਨਾਲ ਜੁੜੇ ਮਾਮਲਿਆਂ ਵਿਚ ਰਾਹੁਲ ਦੀ ਗੈਰ-ਜ਼ਿੰਮੇਵਾਰਾਨਾ ਸਿਆਸਤ ਨੂੰ ਅਫਸੋਸਨਾਕ ਦੱਸਿਆ
  • fb
  • twitter
  • whatsapp
  • whatsapp
Advertisement

ਅਜੈ ਬੈਨਰਜੀ

ਨਵੀਂ ਦਿੱਲੀ, 4 ਫਰਵਰੀ

Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਇਸ ਦਾਅਵੇ ਕਿ ‘ਚੀਨ ਸਾਡੀ ਸਰਜ਼ਮੀਨ ਉੱਤੇ ਬੈਠਾ ਹੈ’ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਿੰਘ ਨੇ ਕਿਹਾ ਕਿ ਕਾਂਗਰਸ ਆਗੂ ਦਾ ਇਹ ਦਾਅਵਾ ਨਿਰਾ ਝੂਠ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜਿਹੜੇ ਸ਼ਬਦ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਸਿੰਘ ਦੇ ਮੂੰਹ ਵਿਚ ਪਾਉਣਾ ਚਾਹੁੰਦੇ ਹਨ, ਉਹ ਉਨ੍ਹਾਂ (ਫੌਜ ਮੁਖੀ) ਨੇ ਕਦੇ ਵੀ ਨਹੀਂ ਕਹੀ। ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਦੇਸ਼ ਹਿੱਤ ਨਾਲ ਜੁੜੇ ਮਾਮਲਿਆਂ ਵਿਚ ਗੈਰ-ਜ਼ਿੰਮੇਵਾਰਾਨਾ ਸਿਆਸਤ ਕਰਨਾ ਅਫਸੋਸਨਾਕ ਹੈ।

ਦੱਸਣਾ ਬਣਦਾ ਹੈ ਕਿ ਗਾਂਧੀ ਨੇ ਸੋਮਵਾਰ ਨੂੰ ਬਜਟ ਇਜਲਾਸ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਸੀ ਕਿ ‘ਚੀਨੀ ਫੌਜ ਸਾਡੇ ਖੇਤਰ ਵਿਚ ਦਾਖਲ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ, ਪਰ ਥਲ ਸੈਨਾ ਮੁਖੀ ਨੇ ਉਨ੍ਹਾਂ (ਪੀਐੱਮ) ਦਾ ਖੰਡਨ ਕੀਤਾ ਹੈ। ਸਾਡੇ ਥਲ ਸੈਨਾ ਮੁਖੀ ਨੇ ਕਿਹਾ ਸੀ ਕਿ ਚੀਨੀ (ਫੌਜ) ਸਾਡੇ ਖੇਤਰ ਵਿਚ ਹੈ।’

ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਆਪਣੀ ਤਕਰੀਰ ਦੌਰਾਨ ਭਾਰਤ-ਚੀਨ ਸਰਹੱਦ ਦੇ ਹਾਲਾਤ ਬਾਰੇ ਥਲ ਸੈਨਾ ਮੁਖੀ ਦੇ ਬਿਆਨ ਨੂੰ ਲੈ ਕੇ ਕੁਝ ਝੂਠੇ ਦੋਸ਼ ਲਾਏ ਹਨ। ਮੰਤਰੀ ਨੇ ਕਿਹਾ, ‘‘ਥਲ ਸੈਨਾ ਮੁਖੀ ਵੱਲੋਂ 13 ਜਨਵਰੀ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਟਿੱਪਣੀ ਸਿਰਫ ਦੋਵਾਂ ਧਿਰਾਂ ਵੱਲੋਂ ਰਵਾਇਤੀ ਗਸ਼ਤ ਦੀ ਗੜਬੜੀ ਦਾ ਹਵਾਲਾ ਦਿੰਦੀ ਹੈ। ਸਿੰਘ ਨੇ ਕਿਹਾ, ‘‘ਥਲ ਸੈਨਾ ਮੁਖੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਹਾਲ ਹੀ ਵਿਚ ਦੋਵਾਂ ਧਿਰਾਂ ਵੱਲੋਂ ਫੌਜਾਂ ਪਿੱਛੇ ਹਟਾਏ ਜਾਣ ਮਗਰੋਂ ਗਸ਼ਤ ਦੇ ਇਨ੍ਹਾਂ ਅਭਿਆਸਾਂ ਨੂੰ ਉਨ੍ਹਾਂ ਦੇ ਰਵਾਇਤੀ ਪੈਟਰਨ ਵਿੱਚ ਬਹਾਲ ਕੀਤਾ ਗਿਆ ਹੈ। ਸਰਕਾਰ ਨੇ ਇਹ ਵੇਰਵੇ ਸੰਸਦ ਵਿੱਚ ਵੀ ਸਾਂਝੇ ਕੀਤੇ ਹਨ।’’

ਰੱਖਿਆ ਮੰਤਰੀ ਨੇ ਕਿਹਾ, ‘‘ਰਾਹੁਲ ਗਾਂਧੀ ਵੱਲੋਂ ਥਲ ਸੈਨਾ ਮੁਖੀ ਦੇ ਹਵਾਲੇ ਨਾਲ ਕਹੇ ਗਏ ਸ਼ਬਦ ਕਦੇ ਵੀ ਉਨ੍ਹਾਂ (ਥਲ ਸੈਨਾ ਮੁਖੀ) ਵੱਲੋਂ ਨਹੀਂ ਬੋਲੇ ​​ਗਏ।’’ ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਦਾ ਦੇਸ਼ ਹਿੱਤ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਗੈਰ-ਜ਼ਿੰਮੇਵਾਰਾਨਾ ਸਿਆਸਤ ’ਚ ਸ਼ਾਮਲ ਹੋਣਾ ਅਫਸੋਸਨਾਕ ਹੈ।’’

Advertisement
×