Rahul Gandhi's Gujarat Visit ਰਾਹੁਲ ਗਾਂਧੀ ਦੋ ਰੋਜ਼ਾ ਫੇਰੀ ਲਈ ਅਹਿਮਦਾਬਾਦ ਪਹੁੰਚੇ
ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕਰਨਗੇ ਮੁਲਾਕਾਤ; ਏਆਈਸੀਸੀ ਦੇ 8-9 ਅਪਰੈਲ ਨੂੰ ਹੋਣ ਵਾਲੇ ਸੈਸ਼ਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
ਅਹਿਮਦਾਬਾਦ, 7 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਦੋ ਰੋਜ਼ਾ ਗੁਜਰਾਤ ਦੌਰੇ ਲਈ ਸ਼ੁੱਕਰਵਾਰ ਸਵੇੇਰੇ ਅਹਿਮਦਾਬਾਦ ਪਹੁੰਚ ਗਏ ਹਨ। ਗਾਂਧੀ 2027 ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨਗੇ।
ਗਾਂਧੀ ਹਵਾਈ ਅੱਡੇ ਤੋਂ ਸ਼ਹਿਰ ਦੇ ਪਾਲਦੀ ਇਲਾਕੇ ਵਿਚ ਗੁਜਰਾਤ ਕਾਂਗਰਸ ਦੇ ਹੈੱਡਕੁਆਰਟਰ ਪਹੁੰਚੇ। ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਗਾਂਧੀ ਨੇ ਗੁਜਰਾਤ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਸਣੇ ਸੀਨੀਅਰ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ। ਗਾਂਧੀ ਮਗਰੋਂ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂਆਂ ਨੂੰ ਵੀ ਮਿਲੇ। ਗਾਂਧੀ ਬਾਅਦ ਦੁਪਹਿਰ ਸੂਬੇ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਵੀ ਮਿਲਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਵਿਚ 1995 ਤੋਂ ਭਾਜਪਾ ਦੀ ਸਰਕਾਰ ਹੈ। ਗਾਂਧੀ ਗੁਜਰਾਤ ਦੀ ਆਪਣੀ ਫੇਰੀ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨਾਂ ਅਤੇ ਨਿਗਮਾਂ ਦੇ ਮੁਖੀਆਂ ਨੂੰ ਵੀ ਮਿਲਣਗੇ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਅਹਿਮਦਾਬਾਦ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।
ਦੱਸ ਦੇਈਏ ਕਿ 64 ਸਾਲਾਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (AICC) ਦਾ ਸੈਸ਼ਨ 8-9 ਅਪਰੈਲ ਨੂੰ ਅਹਿਮਦਾਬਾਦ ਵਿਚ ਹੋਣਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੰਗਲਵਾਰ ਨੂੰ ਗੁਜਰਾਤ ਫੇਰੀ ਦੌਰਾਨ ਮੀਟਿਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਸਾਲ 2022 ਦੀਆਂ ਗੁਜਰਾਤ ਅਸੈਂਬਲੀ ਦੀਆਂ ਚੋਣਾਂ ਵਿਚ ਕਾਂਗਰਸ 182 ਵਿਚੋਂ 17 ਸੀਟਾਂ ਹੀ ਜਿੱਤ ਸਕੀ ਸੀ। -ਪੀਟੀਆਈ