ਗਾਜ਼ੀਆਬਾਦ, 4 ਦਸੰਬਰ
ਰਾਹੁਲ ਗਾਂਧੀ ਦੀ ਅਗਵਾਈ ਹੇਠ ਹਿੰਸਾ ਪ੍ਰਭਾਵਿਤ ਇਲਾਕੇ ਸੰਭਲ ਜਾ ਰਹੇ ਕਾਂਗਰਸ ਆਗੂਆਂ ਦੇ ਵਫ਼ਦ ਨੂੰ ਅੱਜ ਉੱਤਰ ਪ੍ਰਦੇਸ਼ ਪੁਲੀਸ ਨੇ ਇੱਥੇ ਗਾਜ਼ੀਪੁਰ ਹੱਦ ’ਤੇ ਰੋਕ ਦਿੱਤਾ ਅਤੇ ਜਿਸ ਕਾਰਨ ਵਫ਼ਦ ਨੂੰ ਵਾਪਸ ਦਿੱਲੀ ਜਾਣਾ ਪਿਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਸ ਕਾਰਵਾਈ ਨੂੰ ਸੰਵਿਧਾਨ ਵਿਰੋਧੀ ਕਰਾਰ ਦਿੱਤਾ। ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਵਿਰੋਧੀ ਧਿਰ ਦੇ ਨੇਤਾ ਤਕਰੀਬਨ ਦੋ ਘੰਟੇ ਤੱਕ ਦਿੱਲੀ-ਉੱਤਰ ਪ੍ਰਦੇਸ਼ ਹੱਦ ’ਤੇ ਫਸੇ ਰਹਿਣ ਅਤੇ ਅੱਗੇ ਵਧਣ ’ਚ ਨਾਕਾਮ ਰਹਿਣ ਤੋਂ ਬਾਅਦ ਦਿੱਲੀ ਮੁੜ ਆਏ। ਪੁਲੀਸ ਵੱਲੋਂ ਕਾਂਗਰਸ ਦੇ ਵਫ਼ਦ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਦਿੱਲੀ-ਮੇਰਠ ਐਕਸਪ੍ਰੈੱਸਵੇਅ ’ਤੇ ਅੱਜ ਵੱਡਾ ਜਾਮ ਲੱਗ ਗਿਆ। ਗਾਜ਼ੀਪੁਰ ਹੱਦ ’ਤੇ ਰੋਕੇ ਜਾਣ ਮਗਰੋਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪੁਲੀਸ ਨਾਲ ਇਕੱਲੇ ਵੀ ਸੰਭਲ ਜਾਣ ਲਈ ਤਿਆਰ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ, ‘ਅਸੀਂ ਸੰਭਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਲੀਸ ਇਨਕਾਰ ਕਰ ਰਹੀ ਹੈ ਤੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਇਹ ਮੇਰਾ ਅਧਿਕਾਰ ਹੈ। ਮੈਂ ਕਿਹਾ ਕਿ ਮੈਂ ਪੁਲੀਸ ਨਾਲ ਇਕੱਲਾ ਜਾਣ ਲਈ ਤਿਆਰ ਹਾਂ ਪਰ ਉਨ੍ਹਾਂ ਇਸ ਨੂੰ ਵੀ ਸਵੀਕਾਰ ਨਹੀਂ ਕੀਤਾ।’ ਉਨ੍ਹਾਂ ਕਿਹਾ, ‘ਹੁਣ ਉਹ ਕਹਿ ਰਹੇ ਹਨ ਕਿ ਜੇ ਅਸੀਂ ਕੁਝ ਦਿਨਾਂ ਬਾਅਦ ਵਾਪਸ ਆਏ ਤਾਂ ਉਹ ਸਾਨੂੰ ਜਾਣ ਦੇਣਗੇ। ਇਹ ਅਸਲ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੇ ਹੱਕਾਂ ਦੇ ਖ਼ਿਲਾਫ਼ ਹੈ। ਮੈਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ।’ ਇਸੇ ਦੌਰਾਨ ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ‘ਮੋਨਾ’ ਨੇ ਕਿਹਾ ਕਿ ਉਹ ਵੀ ਵਫ਼ਦ ’ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਮੈਨੂੰ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੰਭਲ ਵਿੱਚ ਜੋ ਵੀ ਹੋਇਆ ਉਹ ਪੂਰੀ ਤਰ੍ਹਾਂ ਗਲਤ ਸੀ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕੋਲ ਉੱਥੇ ਜਾਣ ਦਾ ਸੰਵਿਧਾਨਕ ਅਧਿਕਾਰ ਹੈ। -ਪੀਟੀਆਈ
ਘੱਟ ਗਿਣਤੀਆਂ ਦੀਆਂ ਵੋਟਾਂ ਲਈ ਰਾਹੁਲ ਨੇ ਕਦਮ ਚੁੱਕਿਆ: ਭਾਜਪਾ
ਨਵੀਂ ਦਿੱਲੀ:
ਭਾਜਪਾ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਅਧਿਕਾਰੀਆਂ ਨੂੰ ਅਗਾਊਂ ਸੂਚਨਾ ਦਿੱਤੇ ਬਿਨਾਂ ਉੱਤਰ ਪ੍ਰਦੇਸ਼ ਦੇ ਸੰਭਲ ਜਾਣ ਦੀ ਕੋਸ਼ਿਸ਼ ਕਰਨ ’ਤੇ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਵਿਚਾਲੇ ਘੱਟ ਗਿਣਤੀਆਂ ਦੀਆਂ ਵੋਟਾਂ ਲਈ ਹੋ ਰਹੇ ਮੁਕਾਬਲੇ ਤਹਿਤ ਵਿਰੋਧੀ ਧਿਰ ਦੇ ਨੇਤਾ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਿਸੇ ਹਮਦਰਦੀ ਲਈ ਸੰਭਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਮੀਡੀਆ ਦਾ ਧਿਆਨ ਖਿੱਚਣ ਤੇ ਆਪਣੇ ਸਹਿਯੋਗੀ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਮੁਕਾਬਲੇ ਬਿਹਤਰ ਤਸਵੀਰ ਖਿਚਵਾਉਣ ਦੇ ਮੌਕੇ ਨੂੰ ਭੁਨਾਉਣ ਦੀ ਕੋਸ਼ਿਸ਼ ਕੀਤੀ ਹੈ। -ਪੀਟੀਆਈ
ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ: ਖੜਗੇ
ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਸੰਭਲ ਜਾਣ ਤੋਂ ਰੋਕੇ ਜਾਣ ਮਗਰੋਂ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਵੰਡਪਾਊ ਏਜੰਡੇ ਨਾਲ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪੂਜਾ ਸਥਾਨ ਐਕਟ ਤਾਰ-ਤਾਰ ਕਰ ਦਿੱਤਾ ਗਿਆ ਹੈ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਭਾਜਪਾ-ਆਰਐੱਸਐੱਸ ਆਪਣੇ ਵੰਡਪਾਊ ਏਜੰਡੇ ਨਾਲ ਸੰਵਿਧਾਨ ਦੀਆਂ ਧੱਜੀਆਂ ਉਡਾਉਣ ’ਚ ਰੁੱਝੇ ਹੋਏ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੰਭਲ ’ਚ ਪੀੜਤ ਪਰਿਵਾਰਾਂ ਲਾਲ ਮਿਲਣ ਜਾਣ ਤੋਂ ਰੋਕਣਾ ਇਸੇ ਗੱਲ ਨੂੰ ਸਾਬਤ ਕਰਦਾ ਹੈ।’ -ਪੀਟੀਆਈ