Rahul Gandhi: 1500 ਰੁਪਏ ਤੋਂ ਜ਼ਿਆਦਾ ਦੇ ਕੱਪੜਿਆਂ ’ਤੇ 12 ਤੋਂ ਵਧਾ ਕੇ 18 ਫੀਸਦੀ ਜੀਐੱਸਟੀ ਲਾਵੇਗੀ ਕੇਂਦਰ ਸਰਕਾਰ: ਰਾਹੁਲ ਗਾਂਧੀ
ਨਵੀਂ ਦਿੱਲੀ, 7 ਦਸੰਬਰ
Rahul Gandhi: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਐਕਸ ’ਤੇ ਪੋਸਟ ਪਾ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਸਰਕਾਰ 1500 ਰੁਪਏ ਤੋਂ ਜ਼ਿਆਦਾ ਦੇ ਕੱਪੜਿਆਂ ’ਤੇ ਜੀਐਸਟੀ ਦਰ 12 ਤੋਂ ਵਧਾ ਕੇ 18 ਫੀਸਦੀ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹਾ ਕਰ ਕੇ ਸਰਕਾਰ ਮੱਧ ਵਰਗ ਤੇ ਆਮ ਲੋਕਾਂ ਨਾਲ ਨਿਆਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਵਰਗ ਦੀ ਥਾਂ ਅਰਬਪਤੀਆਂ ਨੂੰ ਛੋਟ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਲੋਕਾਂ ’ਤੇ ਭਾਰ ਪਾਉਣ ਲਈ ਜੀਐੱਸਟੀ ਦੀ ਇੱਕ ਸਲੈਬ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਪਤਾ ਲੱਗਿਆ ਹੈ ਕਿ ਜੀਐੱਸਟੀ ਤੋਂ ਹੁਣ ਤੱਕ ਸਭ ਤੋਂ ਵੱਧ ਮਾਲੀਆ ਇਕੱਤਰ ਹੋਣ ਦਰਮਿਆਨ ਸਰਕਾਰ ਇੱਕ ਹੋਰ ਨਵੀਂ ਟੈਕਸ ਸਲੈਬ ਲਿਆਉਣ ਦੀ ਤਿਆਰੀ ’ਚ ਹੈ। ਸਰਕਾਰ ਵੱਲੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ’ਤੇ ਜੀਐੱਸਟੀ ਵਧਾਉਣ ਦੀ ਯੋਜਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਬਪਤੀਆਂ ਨੂੰ ਟੈਕਸਾਂ ਤੋਂ ਛੋਟ ਦੇਣ ਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਨ ਲਈ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਵੱਲੋਂ ਮਿਹਨਤ ਨਾਲ ਕੀਤੀ ਕਮਾਈ ’ਤੇ ਟੈਕਸ ਲਾਉਣਾ ਅਨਿਆਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਦੇ ਵੀ ਆਮ ਲੋਕਾਂ ਪੱਖੀ ਨੀਤੀਆਂ ਨਹੀਂ ਬਣਾਇਆ ਜਿਸ ਕਾਰਨ ਗਰੀਬ ਲੋਕਾਂ ਨੂੰ ਹੋਰ ਆਰਥਿਕ ਮਾਰ ਪੈ ਰਹੀ ਹੈ। ਪੀਟੀਆਈ