ਕਾਂਗਰਸ ਦੇ ਸਟਾਰ ਪ੍ਰਚਾਰਕਾਂ ’ਚ ਖੜਗੇ, ਰਾਹੁਲ ਤੇ ਪ੍ਰਿਯੰਕਾ
ਵੇਣੂਗੋਪਾਲ, ਚੰਨੀ, ਸੁੱਖੂ ਤੇ ਹੋਰ ਵੱਡੀ ਗਿਣਤੀ ਆਗੂ ਵੀ ਕਰਨਗੇ ਪ੍ਰਚਾਰ
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੀਨੀਅਰ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕਨ੍ਹੱਈਆ ਕੁਮਾਰ ਅਤੇ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ।
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਬਿਹਾਰ ਮਾਮਲਿਆਂ ਬਾਰੇ ਇੰਚਾਰਜ ਕ੍ਰਿਸ਼ਨਾ ਅੱਲਾਵਰੂ, ਕਾਂਗਰਸ ਦੀ ਬਿਹਾਰ ਇਕਾਈ ਦੇ ਮੁਖੀ ਰਾਜੇਸ਼ ਰਾਮ, ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਭੂਪੇਸ਼ ਬਘੇਲ, ਸਚਿਨ ਪਾਇਲਟ, ਰਣਦੀਪ ਸੁਰਜੇਵਾਲਾ ਅਤੇ ਸਈਦ ਨਸੀਰ ਹੁਸੈਨ ਦੇ ਨਾਲ-ਨਾਲ ਸੀਨੀਅਰ ਆਗੂ ਅਸ਼ੋਕ ਗਹਿਲੋਤ, ਤਾਰਿਕ ਅਨਵਰ, ਗੌਰਵ ਗੋਗੋਈ, ਮੁਹੰਮਦ ਜਾਵੇਦ ਅਤੇ ਅਖਿਲੇਸ਼ ਪ੍ਰਸਾਦ ਸਿੰਘ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੋ ਗੇੜਾਂ ’ਚ 6 ਤੇ 11 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਖੱਬੀਆਂ ਪਾਰਟੀਆਂ ਵਾਲੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਬਿਹਾਰ ਚੋਣਾਂ ਲਈ ਆਰ ਜੇ ਡੀ ਆਗੂ ਤੇਜਸਵੀ ਯਾਦਵ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਸੀਨੀਅਰ ਆਗੂ ਦਿਗਵਿਜੈ ਸਿੰਘ, ਅਧੀਰ ਰੰਜਨ ਚੌਧਰੀ, ਮੀਰਾ ਕੁਮਾਰ, ਚਰਨਜੀਤ ਸਿੰਘ ਚੰਨੀ, ਅਲਕਾ ਲਾਂਬਾ, ਪਵਨ ਖੇੜਾ, ਇਮਰਾਨ ਪ੍ਰਤਾਪਗੜ੍ਹੀ, ਸ਼ਕੀਲ ਅਹਿਮਦ, ਰਣਜੀਤ ਰੰਜਨ, ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ, ਅਨਿਲ ਜੈਹਿੰਦ ਅਤੇ ਰਾਜੇਂਦਰ ਪਾਲ ਗੌਤਮ ਦੇ ਨਾਮ ਵੀ ਪਾਰਟੀ ਵੱਲੋਂ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

