DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਰੀ: ਰੱਥ ਯਾਤਰਾ ਦੌਰਾਨ ਦੋ ਮੌਤਾਂ, 130 ਤੋਂ ਵੱਧ ਜ਼ਖ਼ਮੀ

ਜ਼ਖਮੀਆਂ ਵਿੱਚ ਕਈ ਪੁਲੀਸ ਮੁਲਾਜ਼ਮ ਵੀ ਸ਼ਾਮਲ
  • fb
  • twitter
  • whatsapp
  • whatsapp
featured-img featured-img
ਪੁਰੀ ਵਿੱਚ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਭੀੜ। -ਫੋਟੋ: ਏਐੱਨਆਈ
Advertisement

ਪੁਰੀ (ਉੜੀਸਾ), 8 ਜੁਲਾਈ

ਇੱਥੇ ਭਗਵਾਨ ਜਗਨਨਾਥ ਰੱਥ ਯਾਤਰਾ ਦੌਰਾਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ’ਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 130 ਤੋਂ ਵੱਧ ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਪੁਰੀ ਵਿੱਚ ਰੱਥ ਯਾਤਰਾ ਦੌਰਾਨ ਭਗਦੜ ਵਰਗੀ ਸਥਿਤੀ ’ਚ ਕਥਿਤ ਤੌਰ ’ਤੇ ਦਮ ਘੁਟਣ ਕਾਰਨ ਬੋਲਨਗਿਰ ਜ਼ਿਲ੍ਹੇ ਦੇ ਇੱਕ ਵਸਨੀਕ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਗਰੈਂਡ ਰੋਡ ’ਤੇ ਭਗਵਾਨ ਬਾਲਭੱਦਰ ਦਾ ਰੱਥ ਖਿੱਚਣ ਸਮੇਂ ਇਹ ਸ਼ਰਧਾਲੂ ਬੇਹੋਸ਼ ਗਿਆ ਸੀ ਜਿਸ ਨੂੰ ਤੁਰੰਤ ਪੁਰੀ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਇਸ ਸ਼ਰਧਾਲੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਮ੍ਰਿਤਕ ਦੇ ਵਾਰਿਸਾਂ ਨੂੰ 4 ਲੱਖ ਰੁਪਏ ਦਾ ਐਕਸਗਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜ਼ਖਮੀ ਸ਼ਰਧਾਲੂਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਇੱਕ ਹੋਰ ਘਟਨਾ ਦੌਰਾਨ ਝੜਸੂਗੁੜਾ ਜ਼ਿਲ੍ਹੇ ਵਿੱਚ ਰੱਥ ਯਾਤਰਾ ਦੌਰਾਨ ਰੱਥ ਦੇ ਪਹੀਏ ਹੇਠ ਆਉਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸ਼ਿਆਮ ਸੁੰਦਰ ਕਿਸ਼ਨ (45) ਵਜੋਂ ਹੋਈ ਹੈ। ਪੁਰੀ ਜ਼ਿਲ੍ਹੇ ਦੇ ਸਿਹਤ ਅਧਿਕਾਰੀ ਮੁਤਾਬਕ ਪੁਰੀ ਵਿੱਚ ਕੱਢੀ ਰੱਥ ਯਾਤਰਾ ਦੌਰਾਨ 130 ਤੋਂ ਵੱਧ ਸ਼ਰਧਾਲੂ ਜ਼ਖਮੀ ਵੀ ਹੋ ਗਏ ਜਿਨ੍ਹਾਂ ਵਿੱਚ ਕੁਝ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ’ਚੋਂ ਅੱਧੇ ਜਣਿਆਂ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦਕਿ 40 ਜਣੇ ਜ਼ੇਰੇ ਇਲਾਜ ਹਨ। ਇਸ ਦੌਰਾਨ ਰੈਵੇਨਿਊ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਆਸ ਹੈ ਕਿ ਜ਼ਖਮੀ ਲੋਕਾਂ ਨੂੰ ਸੋਮਵਾਰ ਸ਼ਾਮ ਤੱਕ ਛੁੱਟੀ ਮਿਲ ਜਾਵੇਗੀ। ਇਸ ਦੌਰਾਨ ਭਗਵਾਨ ਜਗਨਨਾਥ ਤੇ ਉਨ੍ਹਾਂ ਦੇ ਨਾਲ ਦੇਵੀ ਸੁਭੱਦਰਾ ਤੇ ਭਗਵਾਨ ਬਾਲਭੱਦਰ ਦੇ ਰੱਥ ਦੀ ਯਾਤਰਾ ਸੋਮਵਾਰ ਸਵੇਰੇ 9.30 ਵਜੇ ਮੁੜ ਸ਼ੁਰੂ ਹੋਈ ਜੋ ਬਾਅਦ ’ਚ ਇੱਥੇ ਗੁੰਡਿਚਾ ਮੰਦਰ ਪੁੱਜ ਗਈ, ਜਿਸ ਨਾਲ ਪੁਰੀ ਵਿੱਚ ਰੱਥ ਯਾਤਰਾ ਸਮਾਗਮਾਂ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਜਿੱਥੇ ਹਜ਼ਾਰਾਂ ਹੀ ਲੋਕ ਰੱਥ ਨੂੰ ਖਿੱਚ ਕੇ ਚੱਲ ਰਹੇ ਸਨ, ਉੱਥੇ ਸੜਕਾਂ ਕਿਨਾਰੇ ਲੱਖਾਂ ਸ਼ਰਧਾਲੂ ਇਸ ਯਾਤਰਾ ਦੇ ਦਰਸ਼ਨਾਂ ਲਈ ਖਲੋਤੇ ਸਨ। -ਪੀਟੀਆਈ

Advertisement
×