ਕੈਨੇਡਾ ’ਚ ਪੰਜਾਬੀ ਕਾਰੋਬਾਰੀ ਦੀ ਹੱਤਿਆ
ਹਮਲਾਵਰਾਂ ਨੇ ਘਰ ਦੇ ਬਾਹਰ ਮਾਰੀ ਗੋਲੀ; ਦੋ ਦਿਨਾਂ ’ਚ ਚਾਰ ਘਰਾਂ ’ਤੇ ਗੋਲੀਬਾਰੀ
ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਇਕ ਪੰਜਾਬੀ ਕਾਰੋਬਾਰੀ ਦਾ ਬੀਤੇ ਦਿਨ ਉਸ ਦੇ ਘਰ ਅੱਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਲੱਗਾ ਸੀ। ਕੱਪੜਾ ਰੀਸਾਈਕਲਿੰਗ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਕੀਤੀ ਗਈ ਹੈ। ਉਸ ਦਾ ਕਾਰੋਬਾਰ ਭਾਰਤ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਪੁਲੀਸ ਕਾਰੋਬਾਰੀ ਦੀ ਹੱਤਿਆ ਨੂੰ ਫਿਰੌਤੀ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦਾ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਆਇਆ ਤੇ ਕੱਪੜਾ ਰੀਸਾਈਕਲ ਕਾਰੋਬਾਰ ਸ਼ੁਰੂ ਕੀਤਾ। ਭਾਈਚਾਰਕ ਸਮਾਗਮਾਂ ਲਈ ਅਕਸਰ ਉਸ ਨੂੰ ਮੂਹਰੇ ਲਾਇਆ ਜਾਂਦਾ ਸੀ। ਪਤਾ ਲੱਗਾ ਹੈ ਕਿ ਪਿਛਲੇ ਸਮੇਂ ਦੌਰਾਨ ਉਸ ਨੂੰ ਫਿਰੌਤੀ ਲਈ ਫੋਨ ਆ ਰਹੇ ਸਨ।
ਕਾਰੋਬਾਰੀ ਦੀ ਹੱਤਿਆ ਤੋਂ ਘੰਟੇ ਕੁ ਬਾਅਦ ਸ਼ਹਿਰ ਦੇ ਫਰਗੂਸਨ ਵੇਅ ’ਤੇ ਗੋਲੀਬਾਰੀ ਦੀ ਇਕ ਹੋਰ ਘਟਨਾ ਵਿੱਚ 41 ਸਾਲਾ ਸ਼ਖ਼ਸ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲੀਸ ਦੇ ਬੁਲਾਰੇ ਸਾਰਜੈਂਟ ਪੌਲ ਵਾਕਰ ਅਨੁਸਾਰ ਇਸ ਗੋਲੀਬਾਰੀ ਪਿੱਛੇ ਫਿਰੌਤੀ ਦਾ ਮਾਮਲਾ ਨਹੀਂ ਲੱਗਦਾ। ਪੀੜਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਦੋਹਾਂ ਘਟਨਾਵਾਂ ਕਰ ਕੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਹੈ ਤੇ ਲੋਕ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਸਰੀ ਵਿੱਚ ਲੰਘੇ ਦੋ ਦਿਨਾਂ ਵਿੱਚ ਚਾਰ ਘਰਾਂ ’ਤੇ ਗੋਲੀਬਾਰੀ ਕੀਤੀ ਗਈ ਹੈ। ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਤਾਂ ਨਹੀਂ ਹੋਇਆ ਪਰ ਇਮਾਰਤਾਂ ਨੂੰ ਨੁਕਸਾਨ ਪੁੱਜਾ। ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ’ਚ ਇੱਕ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ।
ਇਸ ਘਟਨਾ ਮਗਰੋਂ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਸਾਬਕਾ ਸਰਪੰਚ ਜਸਵੰਤ ਬਿੱਲੂ, ਕਰਮ ਸਿੰਘ, ਮਨਵਿੰਦਰ ਸਿੰਘ ਅਤੇ ਪਿੰਡ ਬੇਗੋਵਾਲ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਮਾਂਗਟ ਜੋ ਪੀੜਤ ਪਰਿਵਾਰ ਨਾਲ ਸਬੰਧਤ ਸਨ, ਨੇ ਦਰਸ਼ਨ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

