ਨੇੜਲੇ ਪਿੰਡ ਚੱਕ ਸ਼ੇਖੂਪੁਰ ਕਲਾਂ ਦੇ ਨੌਜਵਾਨ ਜਗਸੀਰ ਸਿੰਘ ਬੋਪਾਰਾਏ (37) ਪੁੱਤਰ ਕੁਲਵਿੰਦਰ ਸਿੰਘ ਦੀ ਸਾਊਥ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਅੱਠ ਵਰ੍ਹੇ ਪਹਿਲਾਂ ਆਸਟਰੇਲੀਆ ਗਿਆ ਸੀ। ਪਰਿਵਾਰ ਵੱਲੋਂ ਜਗਸੀਰ ਸਿੰਘ ਦਾ ਦਸੰਬਰ ’ਚ ਵਿਆਹ ਸੀ। ਟਰੱਕ ਡਰਾਈਵਰ ਜਗਸੀਰ ਸਿੰਘ ਲੰਘੇ ਐਤਵਾਰ ਦੀ ਰਾਤ 2 ਵਜੇ ਜਦੋਂ ਆਪਣੀ ਕਾਰ ਰਾਹੀਂ ਡਿਊਟੀ ’ਤੇ ਜਾ ਰਿਹਾ ਸੀ। ਉਸ ਦੌਰਾਨ ਉਸ ਦੀ ਕਾਰ ਐਡੀਲੇਡ ਦੀ ਸੇਲਸਬਰੀ ਕਰਾਸ ਰੋਡ ’ਤੇ ਮੀਂਹ ਤੇ ਗੜਿਆਂ ਕਾਰਨ ਗਿੱਲੀ ਸੜਕ ਤੋਂ ਤਿਲਕ ਕੇ ਬੇਕਾਬੂ ਹੁੰਦਿਆਂ ਦਰੱਖਤ ਤੇ ਬੱਸ ਸ਼ੈਲਟਰ ’ਚ ਵੱਜਣ ਮਗਰੋਂ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਐਨੀ ਭਿਆਨਕ ਸੀ ਕਿ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਪਿੱਛੇ ਪਰਿਵਾਰ ’ਚ ਵਿਧਵਾ ਮਾਂ ਅਤੇ ਭੈਣ ਹੈ। ਪਰਿਵਾਰ ਵੱਲੋਂ ਜਗਸੀਰ ਸਿੰਘ ਦੇ 14 ਦਸੰਬਰ ਨੂੰ ਰੱਖੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਸ ਨੇ ਅਗਲੇ ਮਹੀਨੇ ਪਰਤਣਾ ਸੀ। ਪਰਿਵਾਰਕ ਸੂਤਰਾਂ ਮੁਤਾਬਕ ਜਗਸੀਰ ਸਿੰਘ ਦਾ ਸਸਕਾਰ ਆਸਟਰੇਲੀਆ ਵਿਚ ਹੀ ਕੀਤਾ ਜਾਵੇਗਾ ਤੇ ਸਸਕਾਰ ਲਈ ਉਸ ਦੀ ਮਾਤਾ ਸਮੇਤ ਪਰਿਵਾਰਕ ਮੈਂਬਰ ਆਸਟਰੇਲੀਆ ਜਾ ਰਹੇ ਹਨ।
+
Advertisement
Advertisement
Advertisement
×