DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਾਲੀ ਨੂੰ ਲਾਈ ਅੱਗ ਨਾਲ ਧੂੰਆਂ ਧੂੰਆਂ ਹੋਇਆ ਪੰਜਾਬ

ਪਠਾਨਕੋਟ ਵਿਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ; ਹਸਪਤਾਲਾਂ ਵਿੱਚ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ ਵਧੀ
  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਰਾਜਪੁਰਾ ਰੋਡ ’ਤੇ ਖੇਤ ’ਚ ਪਰਾਲੀ ਨੂੰ ਲਾਈ ਅੱਗ। -ਫੋਟੋ: ਰਾਜੇਸ਼ ਸੱਚਰ
Advertisement

ਸ਼ਗਨ ਕਟਾਰੀਆ/ਗੁਰਨਾਮ ਸਿੰਘ ਅਕੀਦਾ

ਬਠਿੰਡਾ/ਪਟਿਆਲਾ, 1 ਨਵੰਬਰ

Advertisement

ਹਵਾ ਪ੍ਰਦੂਸ਼ਣ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅੱਜ ਪੰਜਾਬ ਭਰ ਵਿਚੋਂ ਬਠਿੰਡਾ ਸ਼ਹਿਰ ਵਿੱਚ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ। ਹਵਾ ਦੀ ਗੁਣਵੱਤਾ ਵਿੱਚ ਨਿਘਾਰ ਕਾਰਨ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿਚ ਜਲਣ ਦੀ ਸਮੱਸਿਆ ਆ ਰਹੀ ਹੈ। ਹਸਪਤਾਲਾਂ ਵਿੱਚ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਸੰਗਰੂਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਥਾਵਾਂ ’ਤੇ ਪਰਾਲੀ ਸਾੜੀ ਗਈ ਜਦਕਿ ਪਠਾਨਕੋਟ ਵਿਚ ਪਰਾਲੀ ਸਾੜਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਜਾਣਕਾਰੀ ਮੁਤਾਬਿਕ ਅੱਜ ਇੱਥੇ ਹਵਾ ਦੀ ਗੁਣਵੱਤਾ ਦਾ ਪੈਮਾਨਾ 277 ਰਿਹਾ। ਇਸ ਤੋਂ ਘੱਟ ਮੰਡੀ ਗੋਬਿੰਦਗੜ੍ਹ ਅਤੇ ਫ਼ਤਹਿਗੜ੍ਹ ਸਾਹਿਬ ਦੀ ਹਵਾ ਦੀ ਕੁਆਲਿਟੀ 259, ਲੁਧਿਆਣਾ 245, ਸ੍ਰੀ ਅੰਮ੍ਰਤਿਸਰ ਸਾਹਿਬ 227, ਪਟਿਆਲਾ 161, ਖੰਨਾ 156 ਅਤੇ ਜਲੰਧਰ 144 ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਦੇ ਗੁਆਂਢ ਵਿੱਚ ਰਾਜਸਥਾਨ ਦੇ ਸ਼ਹਿਰ ਸ੍ਰੀ ਗੰਗਾਨਗਰ ਵਿਚ ਸਭ ਤੋਂ ਵੱਧ ਹਵਾ ਦੀ ਗੁਣਵੱਤਾ 354 ਅਤੇ ਦਿੱਲੀ ਦੀ 228 ਰਹੀ।

ਹਵਾ ਪ੍ਰਦੂਸ਼ਣ ਦੀ ਚਰਚਾ ਅਕਸਰ ਝੋਨੇ ਦੀ ਕਟਾਈ ਸਮੇਂ ਚੱਲਦੀ ਹੈ। ਜਾਣਕਾਰੀ ਅਨੁਸਾਰ ਇਸ ਵਾਰ ਕਾਸ਼ਤਕਾਰਾਂ ਨੇ ਝੋਨੇ ਦੀਆਂ ਅਗੇਤੀਆਂ ਕਿਸਮਾਂ ਦੀ ਬਜਿਾਂਦ ਘੱਟ ਕੀਤੀ ਸੀ। ਇਸ ਲਈ ਹੁਣ ਤੱਕ ਕਰੀਬ 50 ਕੁ ਫ਼ੀਸਦ ਝੋਨੇ ਦੀ ਹੀ ਕਟਾਈ ਹੋਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਿਸਾਨ ਪਰਾਲੀ ਦੀ ਸੁਚੱਜੀ ਵਰਤੋਂ ਪ੍ਰਤੀ ਵੀ ਜਾਗਰੂਕ ਹੋਏ ਹਨ। ਇਨ੍ਹੀਂ ਦਿਨੀਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਅਤੀਤ ਦੇ ਮੁਕਾਬਲੇ ਕਾਫੀ ਘੱਟ ਵੇਖਣ ਨੂੰ ਮਿਲ ਰਹੀਆਂ ਹਨ। ਦੇਖਣ ’ਚ ਆਇਆ ਕਿ ਵੱਧ ਜ਼ਮੀਨਾਂ ਦੇ ਮਾਲਕ ਕਾਸ਼ਤਕਾਰ ਪਰਾਲੀ ਦਾ ਮੁੱਲ ਵੱਟਣ ਨੂੰ ਤਰਜੀਹ ਦੇ ਰਹੇ ਹਨ ਜਦਕਿ ਘੱਟ ਭੌਂਇ ਵਾਲੇ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਬਿਆਨਦੇ ਹਨ। ਉਂਜ ਪ੍ਰਦੂਸ਼ਤਿ ਹਵਾ ਕਾਰਨ ਸਾਹ, ਦਮੇ ਦੇ ਮਰੀਜ਼ਾਂ ਨੂੰ ਕਾਫੀ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰੀ ਪੇਸ਼ੇ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਹਵਾ ’ਚ ਰਲੇ ਧੂੜ, ਧੂੰਏਂ ਅਤੇ ਮਿੱਟੀ ਦੇ ਕਣਾਂ ਤੋਂ ਐਲਰਜੀ ਦਾ ਸ਼ਿਕਾਰ ਹੋਣ ਵਾਲੇ ਮਰੀਜ਼ ਹਸਪਤਾਲਾਂ ਵਿੱਚ ਲਗਾਤਾਰ ਆ ਰਹੇ ਹਨ।

ਪੰਜਾਬ ਵਿੱਚ ਰੋਜ਼ਾਨਾ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਜਦਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਦੇ ਵਕਫੇ ਦੌਰਾਨ ਐਤਕੀ ਪਰਾਲੀ ਘੱਟ ਸਾੜੀ ਜਾ ਰਹੀ ਹੈ। ਉਧਰ, ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ ਪਰਾਲੀ ਨੂੰ ਸਭ ਤੋਂ ਵੱਧ ਅੱਗ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿਚ ਲਾਈ ਗਈ ਹੈ। ਦੂਜੇ ਪਾਸੇ ਅੰਮ੍ਰਤਿਸਰ ਦਾ ਅੰਕੜਾ ਕੁਝ ਘ‌ਟਿਆ ਹੈ ਜਦਕਿ ਪਠਾਨਕੋਟ ਵਿੱਚ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਪੰਜਾਬ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾਉਣਾ ਗ਼ਲਤ ਹੈ ਕਿਉਂਕਿ ਇਸ ਵਾਰੀ ਪੰਜਾਬ ਵਿਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ। ਪੀਪੀਸੀਬੀ ਦੇ ਜਾਰੀ ਅੰਕੜਿਆਂ ਅਨੁਸਾਰ ਅੱਜ ਸੰਗਰੂਰ ਵਿੱਚ ਅੱਜ 221 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਈ ਗਈ, ਤਰਨ ਤਾਰਨ ਵਿੱਚ 166, ਫ਼ਿਰੋਜ਼ਪੁਰ ਵਿੱਚ 160, ਮਾਨਸਾ ਵਿਚ 113, ਪਟਿਆਲਾ ਵਿੱਚ 84, ਬਠਿੰਡਾ ਵਿੱਚ 70, ਲੁਧਿਆਣਾ ਵਿੱਚ 69, ਫ਼ਰੀਦਕੋਟ ਵਿੱਚ 68, ਫ਼ਤਹਿਗੜ੍ਹ ਸਾਹਿਬ 66, ਅੰਮ੍ਰਤਿਸਰ ਅਤੇ ਜਲੰਧਰ ਵਿੱਚ 64, ਗੁਰਦਾਸਪੁਰ ਵਿੱਚ 47, ਕਪੂਰਥਲਾ ਵਿੱਚ 46, ਮੋਗਾ ਵਿੱਚ 40, ਬਰਨਾਲਾ ਵਿੱਚ 34, ਮੁਕਤਸਰ ਵਿੱਚ 22, ਫ਼ਾਜ਼ਿਲਕਾ ਵਿੱਚ 19, ਮਾਲੇਰਕੋਟਲਾ ਵਿੱਚ 12, ਐੇੱਸਬੀਐੱਸ ਨਗਰ ਵਿੱਚ 8, ਰੂਪਨਗਰ ਵਿਚ 6, ਹੁਸ਼ਿਆਰਪੁਰ ਅਤੇ ਮੁਹਾਲੀ ਵਿੱਚ 5 ਥਾਵਾਂ ’ਤੇ ਅੱਗ ਲੱਗੀ। ਪੰਜਾਬ ਵਿੱਚ ਅੱਜ 1389 ਥਾਵਾਂ ਤੇ ਅੱਗ ਲੱਗੀ ਜਦਕਿ ਚੇਅਰਮੈਨ ਵਿੱਗ ਅਨੁਸਾਰ ਪਿਛਲੇ ਸਾਲ 2022 ਵਿੱਚ ਅੱਜ ਦੇ ਦਿਨ 2131 ਥਾਵਾਂ ’ਤੇ ਅੱਗ ਲੱਗੀ ਸੀ ਅਤੇ 2021 ਵਿੱਚ 2895 ਥਾਵਾਂ ’ਤੇ ਅੱਗ ਲੱਗੀ ਸੀ।

ਦਿੱਲੀ ’ਚ ਗੁਆਂਢੀ ਸੂਬਿਆਂ ਦੀਆਂ ਬੱਸਾਂ ’ਤੇ ਰੋਕ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਣ ਮਗਰੋਂ ਅੱਜ ਤੋਂ ਗੁਆਂਢੀ ਸੂਬਿਆਂ ਦੀਆਂ ਬੀਐੱਸ-3,4 ਤੇ 5 ਡੀਜ਼ਲ ਬੱਸਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ ਤੇ ਸਿਰਫ਼ ਸੀਐੱਨਜੀ, ਇਲੈਕਟ੍ਰਿਕ ਤੇ ਬੀਐੱਸ-6 ਸਟੈਂਡਰਡ ਦੇ ਮਾਪਦੰਡ ਪੂਰੇ ਕਰਨ ਵਾਲੀਆਂ ਬੱਸਾਂ ਹੀ ਦਾਖ਼ਲ ਹੋਣ ਸਕਣਗੀਆਂ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਦੇ ਹੁਕਮਾਂ ਅਨੁਸਾਰ ਇਹ ਪਾਬੰਦੀ ਲਾਈ ਗਈ ਹੈ। ਮਾਪਦੰਡਾਂ ’ਤੇ ਖਰੀਆਂ ਨਾ ਉਤਰਨ ਵਾਲੀਆਂ ਬੱਸਾਂ ਰੋਕਣ ਲਈ ਟਰਾਂਸਪੋਰਟ ਮਹਿਕਮੇ ਤੇ ਦਿੱਲੀ ਟਰੈਫਿਕ ਪੁਲੀਸ ਦੀਆਂ ਕੁੱਲ 18 ਟੀਮਾਂ ਬਾਰਡਰਾਂ ਉਪਰ ਤਾਇਨਾਤ ਕੀਤੀਆਂ ਗਈਆਂ ਹਨ। ਸ੍ਰੀ ਰਾਏ ਨੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਡਿੱਪੂਆਂ ਤੋਂ ਸਿਰਫ਼ ਸੀਐੱਨਜੀ, ਇਲੈਕਟ੍ਰਿਕ ਜਾਂ ਬੀਐੱਸ-6 ਮਾਪਦੰਡਾਂ ਵਾਲੀਆਂ ਬੱਸਾਂ ਨੂੰ ਹੀ ਦਿੱਲੀ ਭੇਜਣ। ਦਿੱਲੀ ਸਰਕਾਰ ਵੱਲੋਂ ਲਾਈ ਇਸ ਪਾਬੰਦੀ ਕਾਰਨ ਦਿੱਲੀ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Advertisement
×