Punjab News: ਕੇਂਦਰ ਦੇ ਟਾਲ-ਮਟੋਲ ਦੌਰਾਨ ਡੱਲੇਵਾਲ ਦਾ ਇਲਾਜ ਤੋਂ ਇਨਕਾਰ
* ਖਨੌਰੀ ਮੋਰਚੇ ਨੂੰ ਕੌਮੀ ਨਕਸ਼ ਦੇਣ ਦੀ ਤਿਆਰੀ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਜਨਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੁਪਰੀਮ ਕੋਰਟ ਵੱਲੋਂ ਡਾਕਟਰੀ ਸਹਾਇਤਾ ਦੇਣ ਲਈ ਤੈਅ ਕੀਤੀ ਸਮਾਂ ਸੀਮਾ ਖ਼ਤਮ ਹੋਣ ਤੋਂ ਐਨ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਕੇਂਦਰ ਸਰਕਾਰ ਨੇ ਵੀ ਜਥੇਬੰਦੀ ਨੂੰ ਗੱਲਬਾਤ ਦਾ ਸੱਦਾ ਦਿੱਤੇ ਜਾਣ ਤੋਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਅੱਜ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਮਲ ’ਚ ਲਿਆਉਣ ਲਈ ਉਪਰਾਲੇ ਕੀਤੇ ਪ੍ਰੰਤੂ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ ਹੈ। ਸੁਪਰੀਮ ਕੋਰਟ ਵੱਲੋਂ ਡੱਲੇਵਾਲ ਨੂੰ ਇਲਾਜ ਕਰਾਉਣ ਲਈ ਪੰਜਾਬ ਸਰਕਾਰ ਨੂੰ ਦਿੱਤੀ ਮੋਹਲਤ ਅੱਜ ਖ਼ਤਮ ਹੋ ਗਈ ਹੈ ਅਤੇ ਇਸ ਮੁੱਦੇ ’ਤੇ ਸਿਖਰਲੀ ਅਦਾਲਤ ’ਚ ਭਲਕੇ ਸੁਣਵਾਈ ਹੋਵੇਗੀ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਅੱਜ ਡੱਲੇਵਾਲ ਨੇ ਸਪੱਸ਼ਟ ਲਫ਼ਜ਼ਾਂ ’ਚ ਆਖ ਦਿੱਤਾ ਹੈ ਕਿ ਜੇ ਕੇਂਦਰ ਸਰਕਾਰ ਗੱਲਬਾਤ ਲਈ ਰਾਹ ਖੋਲ੍ਹਦੀ ਹੈ ਤਾਂ ਵੀ ਉਹ ਕੋਈ ਮੈਡੀਕਲ ਸਹਾਇਤਾ ਨਹੀਂ ਲੈਣਗੇ। ਕੋਟੜਾ ਨੇ ਦੱਸਿਆ ਕਿ ਅੱਜ ਵਿਚਾਰ-ਚਰਚਾ ਦੌਰਾਨ ਡੱਲੇਵਾਲ ਨੇ ਆਖਿਆ ਹੈ ਕਿ ਉਨ੍ਹਾਂ ਦਾ ਮਰਨ ਵਰਤ ਮੀਟਿੰਗ ਲਈ ਸਮਾਂ ਲੈਣ ਵਾਸਤੇ ਨਹੀਂ ਬਲਕਿ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਸੂਬਿਆਂ ਦੇ ਕਿਸਾਨ ਆਗੂ ਵੀ ਸਮਰਥਨ ਵਿਚ ਮੋਰਚਿਆਂ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ।
ਦੋ ਦਿਨਾਂ ਤੋਂ ਪੰਜਾਬ ਸਰਕਾਰ ਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹੇਗੀ ਪਰ ਹੁਣ ਇਹ ਆਸਾਰ ਮੱਧਮ ਪੈਣ ਲੱਗ ਪਏ ਹਨ। ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਲਈ ਬਜ਼ਿੱਦ ਜਾਪਦੇ ਹਨ ਕਿ ਕਿਸਾਨਾਂ ’ਤੇ ਕਿਸੇ ਵੀ ਸੂਰਤ ਵਿਚ ਸਰਕਾਰ ਕੋਈ ਜ਼ਬਰਦਸਤੀ ਨਹੀਂ ਕਰੇਗੀ। ਇਸ ਦੌਰਾਨ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਅੱਜ ਦੇ ਬਿਆਨ ’ਤੇ ਨਜ਼ਰ ਮਾਰੀਏ ਤਾਂ ਇਹ ਸੰਕੇਤ ਮਿਲਦੇ ਹਨ ਕਿ ਕੇਂਦਰ ਆਪਣੇ ਤੌਰ ’ਤੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਨਹੀਂ ਕਰੇਗਾ। ਵੈਸ਼ਨਵ ਨੇ ਕਿਹਾ ਹੈ ਕਿ ਹਰਿਆਣਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਨੇ ਵਿਕਾਸ ਦੇ ਮੱਦੇਨਜ਼ਰ ਭਾਜਪਾ ਨੂੰ ਵੋਟਾਂ ਪਾਈਆਂ ਹਨ। ਦੂਜੇ ਪਾਸੇ ਦਿੱਲੀ ’ਚ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਡੱਲੇਵਾਲ ਦੇ ਚੱਲ ਰਹੇ ਮਰਨ ਵਰਤ ਦੇ ਸੰਦਰਭ ਵਿਚ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰੇਗੀ ਅਤੇ ਉਸ ਅਨੁਸਾਰ ਹੀ ਕਦਮ ਚੁੱਕੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 31 ਦਸੰਬਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਜੇ ਕੇਂਦਰ ਵੱਲੋਂ ਗੱਲਬਾਤ ਕਰਨ ਦੀ ਤਜਵੀਜ਼ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਸਹਿਮਤ ਹੋ ਜਾਣਗੇ। ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਦੇ ਮਾਮਲੇ ’ਤੇ ਪੈਰ ਪਿਛਾਂਹ ਖਿੱਚ ਲਏ ਹਨ। ਖਨੌਰੀ ਮੋਰਚਾ ’ਤੇ ਵੀਰਵਾਰ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਵੀ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਖਨੌਰੀ ਮੋਰਚਾ ਨੂੰ ਹੁਣ ਕੌਮੀ ਨਕਸ਼ ਦੇਣ ਲਈ ਦੂਸਰੇ ਸੂਬਿਆਂ ’ਚੋਂ ਕਿਸਾਨ ਆਗੂ ਸੱਦਣੇ ਸ਼ੁਰੂ ਕਰ ਦਿੱਤੇ ਹਨ। ਖਨੌਰੀ ਮੋਰਚੇ ’ਤੇ ਅੱਜ ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਕਿਸਾਨ ਆਗੂ ਪੁੱਜੇ ਜਦੋਂ ਕਿ ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਭਲਕੇ ਆਉਣਗੇ। ਗੈਰ ਸਿਆਸੀ ਮੋਰਚਾ ਹੁਣ ਕੇਂਦਰ ਤੇ ਦਬਾਅ ਵਧਾ ਰਿਹਾ ਹੈ ਬਾਕੀ ਭਲਕੇ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ’ਤੇ ਵੀ ਨਿਰਭਰ ਕਰੇਗਾ।
ਸੰਯੁਕਤ ਕਿਸਾਨ ਮੋਰਚਾ ਭਲਕੇ ਦੀ ਮੀਟਿੰਗ ’ਚ ਨਹੀਂ ਹੋਵੇਗਾ ਸ਼ਾਮਲ
ਨਵੀਂ ਦਿੱਲੀ/ਚੰਡੀਗੜ੍ਹ (ਮਨਧੀਰ ਸਿੰਘ ਦਿਓਲ):
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਦੀ 3 ਜਨਵਰੀ ਨੂੰ ਪੰਚਕੂਲਾ ’ਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ’ਚ ਅੱਜ ਆਪਣੀ ਅਸਮਰੱਥਤਾ ਜ਼ਾਹਿਰ ਕੀਤੀ ਹੈ। ਐੱਸਕੇਐੱਮ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ 3 ਜਨਵਰੀ ਨੂੰ ਪੰਚਕੂਲਾ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਲਈ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ਵਾਸਤੇ ਐੱਸਕੇਐੱਮ ਨੂੰ ਸੱਦਾ ਭੇਜਿਆ ਹੈ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਜਾਰੀ ਅੰਦੋਲਨਾਂ ਦੇ ਸੰਦਰਭ ਵਿੱਚ ਕਮੇਟੀ ਦਾ ਗਠਨ ਕੀਤਾ ਸੀ ਪਰ ਐੱਸਕੇਐੱਮ ਉਸ ਅੰਦੋਲਨ ਦਾ ਹਿੱਸਾ ਨਹੀਂ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 2 ਸਤੰਬਰ ਨੂੰ ਸੁਣਾਏ ਹੁਕਮ ਵਿੱਚ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਅਤੇ ਸਿਆਸੀ ਮੁੱਦਿਆਂ ਤੋਂ ਦੂਰੀ ਬਣਾ ਕੇ ਰੱਖਣ ਪ੍ਰਤੀ ਸਾਵਧਾਨ ਕਰਦਿਆਂ ਕਿਹਾ ਸੀ ਕਿ ਅਦਾਲਤ ਦੇ ਦਖ਼ਲ ਨਾਲ ਉਨ੍ਹਾਂ ਦੇ ਸਾਰੇ ਮੁੱਦਿਆਂ ’ਤੇ ਪੜਾਅਵਾਰ ਵਿਚਾਰ ਕੀਤਾ ਜਾਵੇਗਾ। ਐੱਸਕੇਐੱਮ ਮੁਤਾਬਕ ਮੋਰਚਾ ਸਿਧਾਂਤਕ ਤੌਰ ’ਤੇ ਅਦਾਲਤ ਦੇ ਦਖ਼ਲ ਨੂੰ ਸਵੀਕਾਰ ਨਹੀਂ ਕਰਦਾ ਹੈ ਕਿਉਂਕਿ ਕਿਸਾਨ ਨੀਤੀਗਤ ਮੁੱਦਿਆਂ ’ਤੇ ਕੇਂਦਰ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ, ਜਿਸ ’ਚ ਅਦਾਲਤ ਦੀ ਕੋਈ ਭੂਮਿਕਾ ਨਹੀਂ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਸੰਦਰਭ ਵਿੱਚ ਐੱਸਕੇਐੱਮ, ਕਮੇਟੀ ਵੱਲੋਂ ਚਰਚਾ ਲਈ ਸੱਦਾ ਸਵੀਕਾਰ ਕਰਨ ਵਿੱਚ ਆਪਣੀ ਅਸਮਰੱਥਤਾ ਪ੍ਰਗਟ ਕਰਦਾ ਹੈ।
ਕਿਸਾਨ ਜਥੇ ਦਿੱਲੀ ਭੇਜਣ ਦੀਆਂ ਤਰੀਕਾਂ ਦਾ ਐਲਾਨ ਜਲਦੀ: ਪੰਧੇਰ
ਪਟਿਆਲਾ, ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਆਪਣੇ ਦਿੱਲੀ ਕੂਚ ਪ੍ਰੋਗਰਾਮ ਲਈ ਬਜ਼ਿੱਦ ਹੈ। ਕਿਸਾਨਾਂ ਦੇ ਤਿੰਨ ਜਥੇ ਭੇਜਣ ਦੇ ਪ੍ਰੋਗਰਾਮ ਨੂੰ ਭਾਵੇਂ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਉਹ ਅਜੇ ਵੀ ਦਿੱਲੀ ਕੂਚ ਲਈ ਤਿਆਰ ਹਨ। ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਕੂਚ ਲਈ ਅਗਲੇ ਜਥੇ ਭੇਜਣ ਦੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 37ਵੇਂ ਦਿਨ ’ਚ ਦਾਖ਼ਲ ਹੋਣ ਦੇ ਬਾਵਜੂਦ ਵੀ ਸਰਕਾਰ ਸੁੱਤੀ ਪਈ ਹੈ। ਇਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਇਥੇ ਮੀਟਿੰਗ ਕਰਕੇ 6 ਜਨਵਰੀ ਨੂੰ ਵੱਡੇ ਪੱਧਰ ’ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਇਜਲਾਸ ਸੱਦ ਕੇ ਕੇਂਦਰ ਦੇ ਖੇਤੀਬਾੜੀ ਮੰਡੀਕਰਨ ਨੀਤੀ ਸਬੰਧੀ ਖਰੜੇ ਰੱਦ ਕਰਨ ਸਮੇਤ ਕਿਸਾਨ ਅੰਦੋਲਨ ਦੀਆਂ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ। ਉਧਰ ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਡੱਲੇਵਾਲ ਨੂੰ ਹੁਣ ਬੋਲਣ ’ਚ ਵੀ ਮੁਸ਼ਕਲ ਆ ਰਹੀ ਹੈ। ਕਿਸਾਨ 4 ਜਨਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਕੀਤੀ ਜਾਣ ਵਾਲੀ ‘ਕਿਸਾਨ ਮਹਾਪੰਚਾਇਤ’ ਦੀਆਂ ਤਿਆਰੀਆਂ ’ਚ ਵੀ ਜੁਟ ਗਏ ਹਨ। ਸਮਾਜਵਾਦੀ ਪਾਰਟੀ ਦੇ ਦੋ ਸੰਸਦ ਮੈਂਬਰ ਆਨੰਦ ਭਦੌਰੀਆ ਅਤੇ ਉਤਕਰਸ਼ ਵਰਮਾ ਨੇ ਡੱਲੇਵਾਲ ਨਾਲ ਮੁਲਾਕਾਤ ਕਰਕੇ ਪਾਰਟੀ ਦੀ ਤਰਫੋਂ ਸਮਰਥਨ ਦੇਣ ਦੀ ਚਿੱਠੀ ਸੌਂਪੀ। ਪੰਜਾਬੀ ਗਾਇਕ ਬੱਬੂ ਮਾਨ ਨੇ ਦੂਜੀ ਵਾਰ ਡੱਲੇਵਾਲ ਨਾਲ ਮੁਲਾਕਾਤ ਕੀਤੀ। ਹਰਿਆਣਾ ਤੋਂ ਜੇਜੇਪੀ ਦੇ ਸੂਬਾਈ ਆਗੂ ਦਿਗਵਿਜੈ ਚੌਟਾਲਾ ਵੀ ਸਮਰਥਨ ਦੇਣ ਲਈ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚੇ।
ਕੇਂਦਰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰੇ: ਲੱਖੋਵਾਲ
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦੀ ਜਥੇਬੰਦੀ ਦੀ ਮੰਗਲਵਾਰ ਨੂੰ ਮੀਟਿੰਗ ਹੋਈ ਸੀ ਅਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਹ ਅਦਾਲਤ ਵੱਲੋਂ ਬਣਾਈ ਗਈ ਕਮੇਟੀ ਦੀ ਪੰਚਕੂਲਾ ’ਚ ਹੋਣ ਵਾਲੀ ਮੀਟਿੰਗ ’ਚ ਹਿੱਸਾ ਨਹੀਂ ਲੈਣਗੇ। ਲੱਖੋਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤ ਕਰੇ ਕਿ ਉਹ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 37 ਦਿਨਾਂ ਤੋਂ ਚੱਲ ਰਿਹਾ ਮਰਨ ਵਰਤ ਖੁੱਲ੍ਹਵਾਏ। ਉਨ੍ਹਾਂ ਕਿਹਾ ਕਿ ਐੱਸਕੇਐੱਮ 9 ਜਨਵਰੀ ਨੂੰ ਮੋਗਾ ’ਚ ‘ਕਿਸਾਨ ਮਹਾਪੰਚਾਇਤ’ ਕਰ ਰਿਹਾ ਹੈ ਜਿਥੇ ਕਿਸਾਨਾਂ ਦੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਲੱਖੋਵਾਲ ਨੇ ਕਿਹਾ ਕਿ ਮਹਾਪੰਚਾਇਤ ’ਚ ਡੱਲੇਵਾਲ ਦੇ ਮਰਨ ਵਰਤ ਦਾ ਮੁੱਦਾ ਵੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ 24 ਅਤੇ 25 ਜਨਵਰੀ ਨੂੰ ਐੱਸਕੇਐੱਮ ਦਿੱਲੀ ’ਚ ਮੀਟਿੰਗ ਕਰੇਗਾ। -ਪੀਟੀਆਈ
ਡੱਲੇਵਾਲ ਨੂੰ ਮਨਾਉਣ ’ਚ ਨਾਕਾਮ ਰਹੀ ਸਰਕਾਰ
ਪਟਿਆਲਾ/ਪਾਤੜਾਂ (ਖੇਤਰੀ ਪ੍ਰਤੀਨਿਧ/ਪੱਤਰ ਪ੍ੇਰਕ):
ਪੰਜਾਬ ਸਰਕਾਰ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਇਲਾਜ ਲਈ ਮਨਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ। ਸੇਵਾਮੁਕਤ ਏਡੀਜੀਪੀ ਜਸਕਰਨ ਸਿੰਘ ਮੁੱਖ ਤੌਰ ’ਤੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਕੜੀ ਦਾ ਕੰਮ ਕਰ ਰਹੇ ਹਨ। ਉਨ੍ਹਾਂ ਅੱਜ ਪਟਿਆਲਾ ਦੇ ਡੀਆਈਜੀ ਨੂੰ ਨਾਲ ਲੈ ਕੇ ਕਿਸਾਨ ਆਗੂਆਂ ਨਾਲ ਦੋ ਵਾਰ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਕਿਸਾਨਾਂ ਵੱਲੋਂ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ, ਸੁਰਜੀਤ ਸਿੰਘ ਫੂਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਸ਼ਿਰਕਤ ਕੀਤੀ।