Punjab News: ਗੈਂਗਸਟਰ ਭਗਵਾਨਪੁਰੀਆ ਦੇ ਪਰਿਵਾਰ 'ਤੇ ਹੋਏ ਜਾਨਲੇਵਾ ਹਮਲੇ ਦੀ CCTV ਫੁਟੇਜ ਆਈ ਸਾਹਮਣੇ
ਬੰਬੀਹਾ ਗੈਂਗ ਨੇ ਲਈ ਘਟਨਾ ਦੀ ਜ਼ਿੰਮੇਵਾਰੀ; ਮਈ ਵਿੱਚ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਵੱਲੋਂ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰਿਆਰ ਦੇ ਕੀਤੇ ਗਏ ‘ਕਤਲ’ ਦਾ ਬਦਲਾ ਲੈਣ ਦਾ ਕੀਤਾ ਦਾਅਵਾ
ਰਵੀ ਧਾਲੀਵਾਲ
ਬਟਾਲਾ, 27 ਜੂਨ
ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਚਚੇਰੇ ਭਰਾ ਨੂੰ ਵੀਰਵਾਰ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਪੁਲੀਸ ਸੂਤਰਾਂ ਦਾ ਦਾਅਵਾ ਹੈ ਕਿ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ, ਜੋ ਬਟਾਲਾ-ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਭਗਵਾਨਪੁਰੀਆ ਦੇ ਜੱਦੀ ਪਿੰਡ ਭਗਵਾਨਪੁਰ ਦੀ ਸਾਬਕਾ ਸਰਪੰਚ ਸੀ ਅਤੇ ਉਸ ਦਾ ਭਤੀਜਾ ਕਰਨਵੀਰ ਸਿੰਘ ਬਟਾਲਾ-ਕਾਦੀਆਂ ਰੋਡ 'ਤੇ ਆਪਣੀ ਰਿਹਾਇਸ਼ ਦੇ ਸਾਹਮਣੇ ਆਪਣੀ ਐਸਯੂਵੀ ਵਿੱਚ ਬੈਠੇ ਹੀ ਸਨ ਕਿ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਹਮਲਾਵਰ ਗੱਡੀ ਦੇ ਨੇੜੇ ਆਏ ਅਤੇ ਭੱਜਣ ਤੋਂ ਪਹਿਲਾਂ ਲਗਭਗ 15 ਗੋਲੀਆਂ ਚਲਾਈਆਂ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਇਸ ਘਟਨਾ ਨੂੰ ਕੈਦ ਕਰ ਲਿਆ। ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕਿਆਂ ਵਿੱਚੋਂ ਇੱਕ ਇਸ ਸੜਕ ਉਤੇ ਕੀਤੀ ਗਈ ਗੋਲੀਬਾਰੀ ਦੀ ਇੱਕ ਵੀਡੀਓ ਜਲਦੀ ਹੀ ਵਾਇਰਲ ਹੋ ਗਈ ਹੈ।
Breaking :
Gangster Jaggu Bhagwanpuria’s mother shot dead in a firing incident in Batala. Two shooters opened fire on a Scorpio car driver Karanvir Singh died on the spot, while Bhagwanpuria’s mother succumbed to injuries on the way to Amritsar hospital.#JagguBhagwanpuria pic.twitter.com/0oneKFqLXG
— Diksha singh (@DikshaSingh7522) June 27, 2025
ਪੁਲੀਸ ਨੇ ਮੁਲਜ਼ਮਾਂ ਨੂੰ ਫੜਨ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰਾਹਗੀਰਾਂ ਨੇ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤਾਂ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ।
ਕਰਨਵੀਰ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਗਿਆ। ਹਰਜੀਤ ਕੌਰ, ਜਿਸ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਸੀ, ਦੀ ਵੀ ਰਾਹ ਵਿੱਚ ਹੀ ਮੌਤ ਹੋ ਗਈ।
ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਜਿਸ ਵਿੱਚ ਦਵਿੰਦਰ ਬੰਬੀਹਾ ਗੈਂਗ ਨੇ ਅਪਰਾਧ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਬੰਬੀਹਾ ਦੇ ਅੱਧਾ ਦਰਜਨ ਤੋਂ ਵੱਧ ਸਾਥੀ ਅਤੇ ਦੋਸਤ ਹਨ, ਜਿਨ੍ਹਾਂ ਵਿੱਚ ਕੁਝ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਕੁਝ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜੋ ਉਸਦੇ ਗੈਂਗ ਨੂੰ ਚਲਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਗਤੀਵਿਧੀਆਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰ ਰਹੇ ਹਨ।
ਬੰਬੀਹਾ ਦੇ ਗੈਂਗ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲੈਣ ਲਈ ਦੋਵਾਂ ਨੂੰ ਗੋਲੀ ਮਾਰ ਦਿੱਤੀ ਹੈ। ਮਈ ਵਿੱਚ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨੇ ਘੁਮਾਣ-ਸ੍ਰੀਹਰਗੋਬਿੰਦਪੁਰ ਸੜਕ 'ਤੇ ਇੱਕ ਪੈਟਰੋਲ ਪੰਪ ਦੇ ਨੇੜੇ ਹੋਈ ਗੋਲੀਬਾਰੀ ਵਿੱਚ ਉਸ ਨੂੰ ਮਾਰ ਦਿੱਤਾ ਸੀ।