Punjab News: ਅੱਠ ਥਾਣਿਆਂ ’ਤੇ ਹਮਲਿਆਂ ਦਾ ਮਾਮਲਾ ਸੁਲਝਿਆ: ਡੀਜੀਪੀ ਯਾਦਵ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 30 ਦਸੰਬਰ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਥਾਣਿਆਂ ’ਤੇ ਹਮਲਿਆਂ ਦੀਆਂ ਅੱਠ ਘਟਨਾਵਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਨਾਲ ਸਬੰਧਤ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਦਵ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਅਸੀਂ ਪਾਕਿਸਤਾਨ ਦੀ ਆਈਐੱਸਆਈ ਅਤੇ ਅਤਿਵਾਦੀ ਗਰੁੱਪਾਂ ਦੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਭੰਗ ਕਰਨ ਦੀ ਨਵੀਂ ਸਾਜਿਸ਼ ਨਾਕਾਮ ਕਰ ਦਿੱਤੀ ਹੈ।’
ਉਨ੍ਹਾਂ ਦੱਸਿਆ ਕਿ ਇਨ੍ਹਾਂ ਅੱਠ ਧਮਾਕਿਆਂ ਲਈ ਪੰਜ ਅਤਿਵਾਦੀ ਮਾਡਿਊਲ ਜ਼ਿੰਮੇਵਾਰ ਹਨ। ਇਨ੍ਹਾਂ ਵੱਲੋਂ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਰਹਿੰਦੇ ਇਨ੍ਹਾਂ ਦੇ ਸਰਗਣਿਆਂ ਤੋਂ ਮਿਲੇ ਹੁਕਮਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਜਾ ਰਹੀ ਸੀ। ਹਮਲਿਆਂ ਵਿੱਚ ਗ੍ਰਨੇਡਾਂ ਅਤੇ ਆਰਡੀਐੱਕਸ ਦੀ ਵਰਤੋਂ ਹੋਈ ਸੀ। ਉਨ੍ਹਾਂ ਕਿਹਾ, ‘ਇਨ੍ਹਾਂ ’ਚੋਂ ਤਿੰਨ ਮਾਡਿਊਲ ਬੀਕੇਆਈ, ਜਦਕਿ ਦੋ ਕੇਜ਼ੈੱਡਐੱਫ ਨਾਲ ਸਬੰਧਤ ਹਨ। ਉਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ, ਪੰਜ ਗ੍ਰਨੇਡ, ਦੋ ਗਲੌਕ ਪਿਸਤੌਲਾਂ ਅਤੇ 1.04 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀਜੀਪੀ ਨੇ ਲੋਕਾਂ ਨੂੰ ਅਜਿਹੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪਹਿਲਾ ਹਮਲਾ 23 ਨਵੰਬਰ ਨੂੰ ਅਜਨਾਲਾ ਥਾਣੇ ’ਤੇ ਹੋਇਆ ਸੀ। ਇਸ ਹਮਲੇ ਲਈ 1.5 ਕਿਲੋ ਆਈਈਡੀ ਦੀ ਵਰਤੋਂ ਕੀਤੀ ਗਈ ਸੀ। 29 ਨਵੰਬਰ ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਰਾਤ 11 ਵਜੇ ਪੁਲੀਸ ਚੌਕੀ ਨੇੜੇ ਧਮਾਕਾ ਹੋਇਆ। 2 ਦਸੰਬਰ ਨੂੰ ਨਵਾਂਸ਼ਹਿਰ ਦੀ ਅਨਸਾਰੋ ਚੌਕੀ ਵਿੱਚ ਧਮਾਕਾ ਹੋਇਆ। 4 ਦਸੰਬਰ ਨੂੰ ਅੰਮ੍ਰਿਤਸਰ ਦੇ ਮਜੀਠਾ ਥਾਣੇ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਥਾਣੇ ਦੀਆਂ ਖਿੜਕੀਆਂ ਟੁੱਟ ਗਈਆਂ ਸਨ। ਇਸੇ ਤਰ੍ਹਾਂ 13 ਦਸੰਬਰ ਨੂੰ ਬਟਾਲਾ ਦੇ ਥਾਣਾ ਘਣੀਆਂ ਕੇ ਬਾਂਗਰ ’ਤੇ ਹਮਲਾ ਹੋਇਆ। 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਬੀਕੇਆਈ ਦੇ ਜੀਵਨ ਫ਼ੌਜੀ ਨੇ ਲਈ ਸੀ।