DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਨੇ ਚੁੱਕੀ ਮੌਸਮ ਵਿਭਾਗ ’ਤੇ ਉਂਗਲ

ਹਫ਼ਤਾਵਾਰੀ ਭਵਿੱਖਬਾਣੀ ਦਰੁਸਤ ਕਰਨ ਲਈ ਆਖਿਆ; ਜਲ ਸਰੋਤ ਵਿਭਾਗ ਨੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਕਈ ਨੁਕਤੇ ਉਠਾਏ
  • fb
  • twitter
  • whatsapp
  • whatsapp
featured-img featured-img
ਅਜਨਾਲਾ ਵਿੱਚ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦਿਖਾਉਂਦਾ ਹੋਇਆ ਕਿਸਾਨ। -ਫੋਟੋ: ਪੀਟੀਆਈ
Advertisement

ਪੰਜਾਬ ਸਰਕਾਰ ਨੇ ਸੂਬੇ ਨੂੰ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ’ਤੇ ਉਂਗਲ ਚੁੱਕੀ ਹੈ। ਦਰਅਸਲ, ਐਤਕੀਂ ਮੌਸਮ ਵਿਭਾਗ ਦੀ ਗਿਣਤੀ-ਮਿਣਤੀ ਕਈ ਵਾਰ ਫੇਲ੍ਹ ਸਾਬਿਤ ਹੋਈ ਹੈ। ਹਕੀਕਤ ’ਚ ਰਣਜੀਤ ਸਾਗਰ ਡੈਮ ਦੇ ਖੇਤਰ ’ਚ ਪਏ ਮੀਂਹ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਆਪਸ ’ਚ ਮੇਲ ਨਹੀਂ ਖਾ ਰਹੀ। ਜਲ ਸਰੋਤ ਵਿਭਾਗ ਨੇ ਲੰਘੇ ਕੱਲ੍ਹ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਮੀਂਹ ਦੀ ਕੀਤੀ ਭਵਿੱਖਬਾਣੀ ਬਾਰੇ ਕਈ ਨੁਕਤੇ ਚੁੱਕੇ ਹਨ। ਦੱਸਣਯੋਗ ਹੈ ਕਿ ਡੈਮਾਂ ’ਚ ਇਸ ਵਾਰ ਪਹਾੜੀ ਇਲਾਕਿਆਂ ’ਚੋਂ ਅਣਕਿਆਸਿਆ ਪਾਣੀ ਆਇਆ ਹੈ।

ਡੈਮਾਂ ਦੇ ਫਲੱਡ ਗੇਟ ਜਿਉਂ ਹੀ ਖੁੱਲ੍ਹਣੇ ਸ਼ੁਰੂ ਹੋਏ ਤਾਂ ਹੜ੍ਹਾਂ ਦਾ ਖ਼ਤਰਾ ਬਣ ਗਿਆ। ਰਣਜੀਤ ਸਾਗਰ ਡੈਮ ਦੇ ਖੇਤਰ ਲਈ ਮੌਸਮ ਵਿਭਾਗ ਵੱਲੋਂ 17 ਤੋਂ 29 ਅਗਸਤ ਤੱਕ ਦੀ ਕੀਤੀ ਹਫ਼ਤਾਵਾਰੀ ਭਵਿੱਖਬਾਣੀ ਅਤੇ ਹਕੀਕਤ ’ਚ ਪਏ ਮੀਂਹ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਹਨ। ਪੱਤਰ ਅਨੁਸਾਰ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਜਾਂਦੀ ਮੌਸਮ ਦੀ ਹਫ਼ਤਾਵਾਰੀ ਭਵਿੱਖਬਾਣੀ ਦੇ ਆਧਾਰ ’ਤੇ ਹੀ ਡੈਮਾਂ ਦੇ ਰੈਗੂਲੇਸ਼ਨ ਅਤੇ ਇਨ੍ਹਾਂ ’ਚੋਂ ਪਾਣੀ ਛੱਡਣ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ।

Advertisement

ਪੱਤਰ ’ਚ ਲਿਖਿਆ ਗਿਆ ਹੈ ਕਿ ਮੌਸਮ ਦੀ ਭਵਿੱਖਬਾਣੀ ਠੀਕ ਹੋਣਾ ਡੈਮਾਂ ਦੇ ਅਪਰੇਸ਼ਨ ਲਈ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਦਾ ਹਫ਼ਤਾਵਾਰੀ ਅਨੁਮਾਨ ਠੀਕ ਨਹੀਂ ਰਿਹਾ। ਇਹ ਵੀ ਕਿਹਾ ਗਿਆ ਹੈ ਕਿ ਅਣਕਿਆਸੇ ਮੀਂਹ ਬਾਰੇ ਮੌਸਮ ਵਿਭਾਗ ਦੀ ਕੋਈ ਭਵਿੱਖਬਾਣੀ ਨਹੀਂ ਸੀ ਅਤੇ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰ ਬਾਰੇ। ਪੱਤਰ ਮੁਤਾਬਕ 24 ਤੋਂ 26 ਅਗਸਤ ਦਰਮਿਆਨ ਅਣਕਿਆਸਿਆ ਮੀਂਹ ਪਿਆ ਜਿਸ ਦਾ ਰਣਜੀਤ ਸਾਗਰ ਡੈਮ ਦੀ ਰੈਗੂਲੇਸ਼ਨ ਅਤੇ ਪਾਣੀ ਛੱਡਣ ’ਤੇ ਮਾੜਾ ਅਸਰ ਪਿਆ।

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਖ਼ਾਸ ਕਰਕੇ ਡੈਮਾਂ ਦੇ ਖੇਤਰ ’ਚ ਮੌਸਮ ਦੀ ਠੀਕ ਭਵਿੱਖਬਾਣੀ ਲਈ ਆਪਣੇ ਸਿਸਟਮ ਨੂੰ ਮਜ਼ਬੂਤ ਕਰੇ ਤਾਂ ਜੋ ਡੈਮਾਂ ਬਾਰੇ ਯੋਜਨਾਬੰਦੀ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ। ਜਲ ਸਰੋਤ ਵਿਭਾਗ ਨੇ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਦੇ ਖੇਤਰ ’ਚ 17 ਅਗਸਤ ਨੂੰ 185.5 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੌਸਮ ਵਿਭਾਗ ਨੇ 9 ਮਿਲੀਮੀਟਰ ਦੀ ਭਵਿੱਖਬਾਣੀ ਕੀਤੀ ਸੀ। ਬੀਤੀ 24 ਅਗਸਤ ਨੂੰ 163 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੌਸਮ ਵਿਭਾਗ ਨੇ 21 ਮਿਲੀਮੀਟਰ ਦਾ ਅਨੁਮਾਨ ਲਾਇਆ ਸੀ।

ਜਲ ਸਰੋਤ ਵਿਭਾਗ ਨੇ ਕਿਹਾ ਹੈ ਕਿ 24 ਅਗਸਤ ਨੂੰ ਰਣਜੀਤ ਸਾਗਰ ਡੈਮ ’ਚੋਂ ਪਾਣੀ ਨੂੰ ਕੁਝ ਸਮੇਂ ਲਈ ਇਸ ਕਾਰਨ ਰੋਕਿਆ ਗਿਆ ਕਿ ਉੱਝ ਦਰਿਆ ’ਚੋਂ ਇੱਕਦਮ ਪਾਣੀ ਆ ਗਿਆ ਸੀ। ਜੇਕਰ ਡੈਮ ’ਚੋਂ ਵੀ ਉਸ ਵਕਤ ਪਾਣੀ ਰਿਲੀਜ਼ ਕਰ ਦਿੱਤਾ ਜਾਂਦਾ ਤਾਂ ਦੋਵੇਂ ਪਾਣੀਆਂ ਨੇ ਇੱਕ ਥਾਂ ਇਕੱਠੇ ਹੋ ਕੇ ਤਬਾਹੀ ਮਚਾ ਦੇਣੀ ਸੀ।

ਪੰਜਾਬ ’ਚ ਦਰਿਆਵਾਂ ਦੇ ਪਾਣੀ ਨੂੰ ਪੈਣ ਲੱਗਿਆ ਮੋੜਾ

ਚੰਡੀਗੜ੍ਹ (ਚਰਨਜੀਤ ਭੁੱਲਰ): ਡੈਮਾਂ ਤੇ ਦਰਿਆਵਾਂ ਦੇ ਪਾਣੀ ਨੂੰ ਹੁਣ ਮੋੜਾ ਪੈਣ ਲੱਗਿਆ ਹੈ। ਜਿਉਂ ਹੀ ਪਾਣੀ ਘਟਣਾ ਸ਼ੁਰੂ ਹੋਇਆ, ਉਵੇਂ ਹੀ ਪੰਜਾਬ ’ਚ ਸੁਖਾਵੇਂ ਦਿਨ ਪਰਤਣ ਦੀ ਆਸ ਬੱਝੀ ਹੈ। ਘੱਗਰ ’ਚ ਪਾਣੀ ਸਥਿਰ ਹੋਣ ਲੱਗਾ ਹੈ ਪਰ ਹਰਿਆਣਾ ’ਚੋਂ ਆਉਂਦੇ ਪਾਣੀ ਦਾ ਖ਼ਤਰਾ ਬਰਕਰਾਰ ਹੈ। ਮੌਸਮ ਵਿਭਾਗ ਵੱਲੋਂ ਅੱਜ ਕੀਤੀ ਗਈ ਪੇਸ਼ੀਨਗੋਈ ਅਨੁਸਾਰ ਪੰਜਾਬ ਦਾ ਭਾਰੀ ਮੀਂਹ ਤੋਂ ਫ਼ਿਲਹਾਲ ਬਚਾਅ ਹੈ। ਕੁੱਝ ਜ਼ਿਲ੍ਹਿਆਂ ’ਚ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਪੰਜਾਬ ਸਰਕਾਰ ਦੇ ਬੁਲੇਟਿਨ ਅਨੁਸਾਰ ਸੂਬੇ ਵਿੱਚ ਹੁਣ ਤੱਕ ਹੜ੍ਹਾਂ ਤੇ ਮੀਂਹਾਂ ਕਾਰਨ ਮੌਤਾਂ ਦਾ ਅੰਕੜਾ 52 ਹੋ ਗਿਆ ਹੈ ਅਤੇ ਸੂਬੇ ਦੇ 2097 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ, ਜਦਕਿ 3.88 ਲੱਖ ਲੋਕ ਇਸ ਦੀ ਲਪੇਟ ’ਚ ਆਏ ਹਨ। ਪੰਜਾਬ ਸਰਕਾਰ ਨੇ ਹੜ੍ਹਾਂ ਦੇ ਪਾਣੀ ਚੋਂ 23,206 ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਦਾ ਅੰਕੜਾ ਜਾਰੀ ਕੀਤਾ ਹੈ। ਹੜ੍ਹਾਂ ਤੇ ਮੀਂਹ ਦੇ ਪਾਣੀ ਨਾਲ ਹੁਣ ਤੱਕ ਸੂਬੇ ’ਚ 4.77 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।ਪੰਜਾਬ ’ਚ ਦਰਿਆਵਾਂ ਦੇ ਆਸ-ਪਾਸ ਦੇ ਖੇਤਰਾਂ ’ਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਰਾਹਤ ਕੈਂਪਾਂ ’ਚੋਂ ਲੋਕ ਮੁੜ ਪਿੰਡਾਂ ਵੱਲ ਪਰਤਣ ਲੱਗੇ ਹਨ। ਤਿੰਨ ਦਿਨਾਂ ਤੋਂ ਮੀਂਹ ਵੀ ਰੁਕਿਆ ਹੋਇਆ ਹੈ। ਵੱਡੀ ਚੁਣੌਤੀ ਹੁਣ ਹੜ੍ਹਾਂ ਦਾ ਪਾਣੀ ਘਟਣ ਮਗਰੋਂ ਸਿਹਤ ਸਮੱਸਿਆਵਾਂ ਦੀ ਆਉਣੀ ਹੈ ਅਤੇ ਖੇਤਾਂ ਨੂੰ ਮੁੜ ਫ਼ਸਲ ਲਈ ਤਿਆਰ ਕਰਨਾ ਕਿਸਾਨਾਂ ਲਈ ਮੁਸੀਬਤ ਭਰਿਆ ਕੰਮ ਹੋਵੇਗਾ। ਸਤਲੁਜ ਦਰਿਆ ’ਚ ਅੱਜ 10 ਹਜ਼ਾਰ ਕਿਊਸਿਕ ਪਾਣੀ ਹੋਰ ਘਟਾ ਦਿੱਤਾ ਗਿਆ ਹੈ ਅਤੇ ਹੁਣ ਦਰਿਆ ’ਚ 50 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਹੈ। ਭਾਖੜਾ ਡੈਮ ਦਾ ਪੱਧਰ ਵੀ ਹੁਣ 1677.10 ਫੁੱਟ ’ਤੇ ਆ ਗਿਆ ਹੈ। ਪੌਂਗ ਡੈਮ ’ਚ ਪਾਣੀ ਦਾ ਪੱਧਰ ਹੇਠਾਂ ਵੱਲ ਖਿਸਕਿਆ ਹੈ ਅਤੇ ਡੈਮ ’ਚ ਪਾਣੀ ਦਾ ਪੱਧਰ ਹੁਣ 1390.33 ਫੁੱਟ ਹੈ। ਪੌਂਗ ਡੈਮ ’ਚੋਂ ਵੀ 15 ਹਜ਼ਾਰ ਕਿਊਸਿਕ ਪਾਣੀ ਘਟਾ ਦਿੱਤਾ ਗਿਆ ਹੈ। ਰਣਜੀਤ ਸਾਗਰ ਡੈਮ ’ਚੋਂ ਛੇ ਹਜ਼ਾਰ ਕਿਊਸਿਕ ਪਾਣੀ ਘਟਾ ਦਿੱਤਾ ਗਿਆ ਹੈ। ਹਰੀਕੇ ਵਿੱਚ ਪਾਣੀ ਹੁਣ 2.17 ਲੱਖ ਕਿਊਸਿਕ ਵਹਿ ਰਿਹਾ ਹੈ, ਜੋ ਕਿ ਕੁੱਝ ਦਿਨ ਪਹਿਲਾਂ ਤੱਕ 3.25 ਲੱਖ ਕਿਊਸਿਕ ’ਤੇ ਚਲਾ ਗਿਆ ਸੀ।

ਘੱਗਰ ਨੂੰ ਪੈ ਰਹੀ ਹੈ ਹਰਿਆਣਾ ਦੇ ਪਾਣੀ ਦੀ ਮਾਰ

ਘੱਗਰ ਦਰਿਆ ਨੂੰ ਹਰਿਆਣਾ ਦੇ ਪਾਣੀ ਦੀ ਮਾਰ ਪੈ ਰਹੀ ਹੈ। ਟਾਂਗਰੀ ਅਤੇ ਮਾਰਕੰਡਾ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹਨ। ਸਰਾਲਾ ਅਤੇ ਚਾਂਦਪੁਰਾ ਕੋਲ ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ, ਜਦਕਿ ਖਨੌਰੀ ਕੋਲ ਵੀ ਘੱਗਰ ’ਚ ਪਾਣੀ ਘਟਿਆ ਹੈ। ਸਰਦੂਲਗੜ੍ਹ ਕੋਲ ਘੱਗਰ ’ਚ ਦੋ ਦਿਨਾਂ ’ਚ ਕਰੀਬ 9 ਹਜ਼ਾਰ ਕਿਊਸਿਕ ਪਾਣੀ ਦੀ ਕਟੌਤੀ ਹੋਈ ਹੈ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਅਨੁਸਾਰ ਘੱਗਰ ’ਚ ਪਾਣੀ ਘਟਣ ਕਰਕੇ ਹਲਕਾ ਸਰਦੂਲਗੜ੍ਹ ਦਾ ਬਚਾਅ ਹੋ ਗਿਆ ਹੈ।

Advertisement
×