ਪੰਜਾਬ ਕਾਂਗਰਸ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਖ਼ਤਮ ਕਰਨ ਦੀ ਕੀਤੀ ਨਿਖੇਧੀ
ਕਾਂਗਰਸ ਨੇ ਭਾਰਤ ਸਰਕਾਰ ਨੂੰ ਚੇਤਾਵਨੀ; ਅੱਗ ਨਾਲ ਨਾ ਖੇਡੋ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੁਣੀਆਂ ਹੋਈਆਂ ਸੈਨੇਟ ਅਤੇ ਸਿੰਡੀਕੇਟ ਨੂੰ ਖ਼ਤਮ ਕਰਨ ਦੀ ਨਿਖੇਧੀ ਕੀਤੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨਾ ਤੇ ਇਨ੍ਹਾਂ ਦੀ ਥਾਂ ਨਾਮਜ਼ਦ ਮੈਂਬਰਾਂ ਨਾਲ ਬਦਲਣਾ ਭਾਜਪਾ ਅਤੇ ਆਰਐਸਐਸ ਵੱਲੋਂ ਸਪੱਸ਼ਟ ਤੌਰ ਤੇ ਦੇਸ਼ ਦੀ ਇੱਕ ਇਤਿਹਾਸਕ ਸੰਸਥਾ ਨੂੰ ਹਾਈਜੈਕ ਕਰਨ ਦੀ ਇੱਕ ਘਟੀਆ ਕੋਸ਼ਿਸ਼ ਹੈ।
ਇਹ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਅਤੇ ਸੱਭਿਆਚਾਰਕ ਕੇਂਦਰਾਂ ਨੂੰ ਹੜੱਪਣ ਤੇ ਉਹਨਾਂ ਦਾ ਭਗਵਾ ਕਰਨ ਲਈ ਆਰਐਸਐਸ ਦੇ ਨਿਯਮ ਪੁਸਤਕ ਦੇ ਅਨੁਸਾਰ ਹੈ।
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪੰਜਾਬੀ ਇਸਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਸਦਾ ਇਤਿਹਾਸ ਪੰਜਾਬੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਭਾਜਪਾ ਸੋਚਦੀ ਹੈ ਕਿ ਉਹ ਇਸ ਸੰਸਥਾ ਨੂੰ ਪੰਜਾਬੀਆਂ ਤੋਂ ਖੋਹ ਸਕਦੀ ਹੈ, ਤਾਂ ਇਹ ਬਹੁਤ ਗਲਤ ਹੈ।

