ਪੀਟੀਆਈ ਵੱਲੋਂ ‘ਇਮਰਾਨ ਖਾਨ ਨੂੰ ਰਿਹਾਅ ਕਰੋ ਅੰਦੋਲਨ’ ਸ਼ੁਰੂ
ਲਾਹੌਰ, 13 ਜੁਲਾਈ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਲਾਹੌਰ ਤੋਂ ਗੈਰ-ਰਸਮੀ ਤੌਰ ’ਤੇ ‘ਇਮਰਾਨ ਖਾਨ ਨੂੰ ਰਿਹਾਅ ਕਰੋ ਅੰਦੋਲਨ’ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਪਾਰਟੀ ਨੇ ਅੱਜ ਕਿਹਾ ਕਿ ਪੁਲੀਸ ਨੇ ਪਾਰਟੀ ਵਰਕਰਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਇਹ ਗੈਰ-ਰਸਮੀ ਸ਼ੁਰੂਆਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੀ ਪਹਿਲਾਂ ਐਲਾਨੀ ਗਈ 5 ਅਗਸਤ ਦੀ ਤਰੀਕ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਹੋਈ ਹੈ। ਖੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਤੇ ਪੀਟੀਆਈ ਦੇ ਪ੍ਰਮੁੱਖ ਆਗੂ ਅਲੀ ਆਮੀਨ ਗੰਡਾਪੁਰ ਪਾਰਟੀ ਦੇ ਸਰਪ੍ਰਸਤ-ਕਮ-ਮੁਖੀ ਖਾਨ ਨੂੰ ਰਿਹਾਅ ਕਰਵਾਉਣ ਲਈ ਅੰਦੋਲਨ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਸ਼ਨਿਚਰਵਾਰ ਨੂੰ ਦੇਰ ਰਾਤ ਲਾਹੌਰ ਪਹੁੰਚੇ। 72 ਸਾਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ। ਪੀਟੀਆਈ, ਖਾਨ ਨੂੰ ਰਿਹਾਅ ਕਰਵਾਉਣ ਲਈ ਸ਼ਾਹਬਾਜ਼ ਸ਼ਰੀਫ਼ ਸਰਕਾਰ ਅਤੇ ਫੌਜ ’ਤੇ ਦਬਾਅ ਪਾਉਣ ਵਾਸਤੇ 5 ਅਗਸਤ ਤੋਂ ਦੇਸ਼ ਭਰ ਵਿੱਚ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਗੰਡਾਪੁਰ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਆਗੂਆਂ ਨੇ ਲਾਹੌਰ ਦੇ ਰਾਏਵਿੰਡ ਇਲਾਕੇ ਵਿੱਚ ਸ਼ਰੀਫ਼ ਪਰਿਵਾਰ ਦੀ ਰਿਹਾਇਸ਼ ਦੇ ਨਾਲ ਲੱਗਦੇ ਇੱਕ ਫਾਰਮ ਹਾਊਸ ਵਿੱਚ ਆਪਣੇ ਵਿਰੋਧ ਪ੍ਰਦਰਸ਼ਨ ਦੀ ਅੰਤਿਮ ਰੂਪ-ਰੇਖਾ ਉਲੀਕਣ ਲਈ ਡੇਰੇ ਲਾਏ ਹੋਏ ਹਨ। ਇਸੇ ਦੌਰਾਨ, ਪੁਲੀਸ ਨੇ ਕਥਿਤ ਤੌਰ ’ਤੇ ਘੱਟੋ-ਘੱਟ 20 ਪੀਟੀਆਈ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਲਾਹੌਰ ਦੀਆਂ ਵੱਖ-ਵੱਖ ਥਾਵਾਂ ’ਤੇ ਆਪਣੇ ਆਗੂਆਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ। -ਪੀਟੀਆਈ
ਗੰਡਾਪੁਰ ਤੇ ਉਸ ਦੀ ਪਾਰਟੀ ‘ਗੜਬੜ ਦੇ ਚੈਂਪੀਅਨ’: ਬੁਖਾਰੀ
ਪੰਜਾਬ ਸੂਬੇ ਦੀ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨੇ ਕਿਹਾ ਕਿ ਪੀਟੀਆਈ ਦੇ ਆਗੂ ਅਲੀ ਆਮੀਨ ਗੰਡਾਪੁਰ ਅਤੇ ਉਸ ਦੀ ਪਾਰਟੀ ‘ਗੜਬੜ ਦੇ ਚੈਂਪੀਅਨ’ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗੰਡਾਪੁਰ ਦਾ ਆਪਣਾ ਸੂਬਾ ਸੜ ਰਿਹਾ ਹੈ ਅਤੇ ਉਹ ਪੰਜਾਬ ਜਿੱਤਣ ਲਈ ਲਾਹੌਰ ਆਇਆ ਹੋਇਆ ਹੈ। ਉਨ੍ਹਾਂ ਕਿਹਾ, “ਗੰਡਾਪੁਰ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਖੈਬਰ ਪਖ਼ਤੂਨਖਵਾ ਵਾਪਸ ਜਾਵੇ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰੇ।”