ਮਕਬੂਜ਼ਾ ਕਸ਼ਮੀਰ ਵਿੱਚ ਪ੍ਰਦਰਸ਼ਨ; ਨੌਂ ਮੌਤਾਂ
ਇੰਟਰਨੈੱਟ ਸੇਵਾਵਾਂ, ਦੁਕਾਨਾਂ ਤੇ ਸਕੂਲ ਬੰਦ; ਆਗੂਆਂ ਤੇ ਅਧਿਕਾਰੀਆਂ ’ਤੇ ਸੁੱਖ ਸਹੂਲਤਾਂ ਮਾਣਨ ਦੇ ਦੋਸ਼
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਤੇ ਰਾਜਸੀ ਆਗੂਆਂ ਦੀ ਕਥਿਤ ਫਜ਼ੂਲਖਰਚੀ ਖ਼ਿਲਾਫ਼ ਸਥਾਨਕ ਵਾਸੀ ਚਾਰ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਨੌਂ ਜਣੇ ਮਾਰੇ ਗਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮਕਬੂਜ਼ਾ ਕਸ਼ਮੀਰ ਵਿੱਚ ਹਿੰਸਕ ਝੜਪਾਂ ਤੇ ਮੌਜੂਦਾ ਸਥਿਤੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸ਼ਰੀਫ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਇੱਕ ਉੱਚ-ਪੱਧਰੀ ਸੰਘੀ ਸਰਕਾਰ ਦਾ ਵਫ਼ਦ ਮੁਜ਼ੱਫਰਾਬਾਦ ਪਹੁੰਚਿਆ ਜਿਸ ਵਲੋਂ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਯਤਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਨ੍ਹਾਂ ਝੜਪਾਂ ਨੂੰ ਰੋਕਣ ਤੇ ਮਾਮਲੇ ਦੇ ਹੱਲ ਲਈ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਹੈ। ਇਸ ਮੌਕੇ ਨੇੜਲੇ ਕਸਬਿਆਂ ਦੇ ਹਜ਼ਾਰਾਂ ਲੋਕ ਮੁਜ਼ੱਫਰਾਬਾਦ ਵਿੱਚ ਇਕੱਠੇ ਹੋਏ। ਦੂਜੇ ਪਾਸੇ ਪ੍ਰਸ਼ਾਸਨ ਨੇ ਇਸ ਖੇਤਰ ਵਿਚ ਫੋਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਜ਼ਿਕਰਯੋਗ ਹੈ ਕਿ ਹਿੰਸਕ ਝੜਪਾਂ ਕਾਰਨ ਪਿਛਲੇ ਦੋ ਦਿਨਾਂ ਤੋਂ ਦੁਕਾਨਾਂ ਤੇ ਸਕੂਲ ਬੰਦ ਹਨ।
ਇਸਲਾਮਾਬਾਦ ਦੇ ਦੋ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਝੜਪਾਂ ਵਿਚ ਹੁਣ ਤੱਕ ਤਿੰਨ ਪੁਲੀਸ ਮੁਲਾਜ਼ਮ ਅਤੇ ਪੰਜ ਆਮ ਲੋਕ ਮਾਰੇ ਗਏ ਹਨ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਝੜਪਾਂ ਹਾਲੇ ਤਕ ਜਾਰੀ ਹਨ। ਕਸ਼ਮੀਰ ਸਿਵਲ ਰਾਈਟ ਗਰੁੱਪ ਦੇ ਆਗੂ ਸ਼ੌਕਤ ਨਵਾਜ਼ ਮੀਰ ਨੇ ਦੱਸਿਆ ਕਿ ਆਮ ਲੋਕਾਂ ਨੂੰ ਹਸਪਤਾਲਾਂ ਵਿਚ ਇਲਾਜ ਨਹੀਂ ਮਿਲ ਰਿਹਾ ਪਰ ਰਾਜਸੀ ਆਗੂ ਤੇ ਅਧਿਕਾਰੀ ਪੂਰੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ। ਉਨ੍ਹਾਂ ਕੋਲ ਆਪਣੇ ਐਸ਼ੋ-ਆਰਾਮ ਲਈ ਤਾਂ ਪੈਸੇ ਹਨ ਪਰ ਹਸਪਤਾਲਾਂ ਵਿਚ ਲੋਕਾਂ ਨੂੰ ਦਵਾਈਆਂ ਵੀ ਨਹੀਂ ਮਿਲ ਰਹੀਆਂ। -ਰਾਇਟਰਜ਼