ਟਰੰਪ ਖ਼ਿਲਾਫ਼ ਮੁਕੱਦਮਿਆਂ ’ਚ ਸ਼ਾਮਲ ਸਰਕਾਰੀ ਵਕੀਲ ਤੇ ਸਟਾਫ ਬਰਖ਼ਾਸਤ
ਵਾਸ਼ਿੰਗਟਨ, 13 ਜੁਲਾਈ
ਅਮਰੀਕਾ ਦੇ ਨਿਆਂ ਵਿਭਾਗ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਚੱਲ ਰਹੇ ਮਾਮਲਿਆਂ ਨਾਲ ਜੁੜੇ ਕਈ ਵਕੀਲਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਜਣਿਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੁੱਲ ਕਿੰਨੇ ਕਰਮਚਾਰੀ ਬਰਖ਼ਾਸਤ ਕੀਤੇ ਗਏ ਹਨ। ਇਹ ਕਾਰਵਾਈ ਟਰੰਪ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨਾਲ ਜੁੜੇ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕੀਤੀ ਗਈ ਹੈ ਜੋ ਅਮਰੀਕੀ ਰਾਸ਼ਟਰਪਤੀ ਖ਼ਿਲਾਫ਼ ਖ਼ੁਫ਼ੀਆ ਦਸਤਾਵੇਜ਼ ਰੱਖਣ ਅਤੇ ਚੋਣ ਦਖ਼ਲਅੰਦਾਜ਼ੀ ਨਾਲ ਜੁੜੇ ਦੋ ਵੱਡੇ ਮਾਮਲਿਆਂ ’ਤੇ ਕੰਮ ਕਰ ਰਹੇ ਸਨ। ਸੂਤਰਾਂ ਨੇ ਇਹ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ ਕਿਉਂਕਿ ਬਰਖ਼ਾਸਤਗੀ ਦਾ ਅਜੇ ਜਨਤਕ ਐਲਾਨ ਨਹੀਂ ਕੀਤਾ ਗਿਆ ਹੈ।
ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨੇ ਸਾਲ 2023 ਵਿੱਚ ਟਰੰਪ ’ਤੇ ਦੋ ਅਹਿਮ ਮਾਮਲਿਆਂ ਵਿੱਚ ਦੋਸ਼ ਲਾਏ ਸਨ। ਪਹਿਲਾ ਮਾਮਲਾ ਫਲੋਰੀਡਾ ਸਥਿਤ ਉਨ੍ਹਾਂ ਦੇ ਮਾਰ-ਏ-ਲਾਗੋ ਘਰ ਵਿੱਚ ਖ਼ੁਫ਼ੀਆ ਦਸਤਾਵੇਜ਼ ਰੱਖਣ ਨਾਲ ਸਬੰਧਤ ਸੀ ਅਤੇ ਦੂਸਰਾ 6 ਜਨਵਰੀ 2021 ਨੂੰ ਅਮਰੀਕੀ ਸੰਸਦ ’ਤੇ ਹਮਲੇ ਤੋਂ ਪਹਿਲਾਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ। ਹਾਲਾਂਕਿ, ਇਨ੍ਹਾਂ ਵਿੱਚੋਂ ਕਿਸੇ ਮਾਮਲੇ ਦੀ ਸੁਣਵਾਈ ਮੁਕੱਦਮੇ ਤੱਕ ਨਹੀਂ ਪਹੁੰਚ ਸਕੀ। -ਏਪੀ