ਪ੍ਰਿਯੰਕਾ ਗਾਂਧੀ ਨੇ ਆਪਣਾ ਕਾਫ਼ਲਾ ਰੋਕ ਕੇ ਸੜਕ ਹਾਦਸਾ ਪੀੜਤਾਂ ਦੀ ਕੀਤੀ ਮਦਦ
Priyanka Gandhi stops her convoy after seeing road accident in Kerala
ਕੋਜ਼ੀਕੋਡ(ਕੇਰਲਾ), 4 ਮਈ
ਵਾਇਨਾਡ ਤੋਂ ਸੰਸਦ ਮੈਂਬਰ ਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਸ਼ਨਿੱਚਰਵਾਰ ਰਾਤ ਨੂੰ ਏਂਗਾਪੁਜ਼ਾ (Eengappuzha) ਵਿੱਚ ਇੱਕ ਕਾਰ ਹਾਦਸੇ ਨੂੰ ਦੇਖ ਕੇ ਆਪਣਾ ਕਾਫਲਾ ਰੋਕ ਲਿਆ। ਉਨ੍ਹਾਂ ਜ਼ਖ਼ਮੀਆਂ ਦੀ ਜਾਂਚ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਕਾਫਲੇ ਵਿੱਚੋਂ ਮੌਜੂਦ ਇੱਕ ਡਾਕਟਰ ਨੂੰ ਬੁਲਾਇਆ।
ਇਹ ਹਾਦਸਾ ਉਦੋਂ ਹੋਇਆ ਜਦੋਂ ਕੋਇਲੈਂਡੀ (Koyilandy) ਦੇ ਮੂਲ ਨਿਵਾਸੀ ਅਤੇ ਉਸ ਦੇ ਪਰਿਵਾਰ ਦੀ ਕਾਰ ਕੋਜ਼ੀਕੋਡ ਜ਼ਿਲ੍ਹੇ ਦੇ ਏਂਗਾਪੁਜ਼ਾ ਵਿੱਚ ਇੱਕ ਹੋਰ ਕਾਰ ਨਾਲ ਟਕਰਾ ਗਈ। ਪ੍ਰਿਯੰਕਾ ਗਾਂਧੀ ਨੇ ਆਪਣੇ ਕਾਫ਼ਲੇ ਵਿਚ ਸ਼ਾਮਲ ਐਂਬੂਲੈਂਸ ਦੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਡਿਊਟੀ ਲਾਈ ਤੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ।
ਗਾਂਧੀ ਦੇ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਪ੍ਰਿਯੰਕਾ ਜ਼ਖ਼ਮੀਆਂ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਹ ਆਪਣੇ ਲੋਕ ਸਭਾ ਹਲਕੇ, ਵਾਇਨਾਡ ਦੇ ਤਿੰਨ ਦਿਨਾਂ ਦੌਰੇ ਲਈ ਕੇਰਲਾ ਵਿਚ ਹਨ।
ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸ਼ਨਿੱਚਰਵਾਰ ਨੂੰ ਗੋਆ ਦੇ ਸ਼ਿਰਗਾਓਂ ਵਿੱਚ ਮਚੀ ਭਗਦੜ ਵਿਚ ਗਈਆਂ 6 ਜਾਨਾਂ ’ਤੇ ਵੀ ਦੁੱਖ ਜਤਾਇਆ ਹੈ। ਗਾਂਧੀ ਨੇ ਇਕ ਪੋਸਟ ਵਿਚ ਲਿਖਿਆ, ‘‘ਗੋਆ ਦੇ ਸ਼ਿਰਗਾਓਂ ਵਿੱਚ ਲੇਰਾਈ ਦੇਵੀ ਮੰਦਰ ਦੀ ਸਾਲਾਨਾ ਯਾਤਰਾ ਦੌਰਾਨ ਭਗਦੜ ਕਾਰਨ ਕਈ ਸ਼ਰਧਾਲੂਆਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।’’ -ਏਐੱਨਆਈ