DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਰਿਹਾਅ ਕੀਤੇ ਜਾਣ: ਸੁਪਰੀਮ ਕੋਰਟ

  ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਕੈਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਜੋ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਕਿ ਜੇ ਅਜਿਹੇ ਕਿਸੇ...
  • fb
  • twitter
  • whatsapp
  • whatsapp
Advertisement

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਕੈਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਜੋ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਕਿ ਜੇ ਅਜਿਹੇ ਕਿਸੇ ਦੋਸ਼ੀ ਦੀ ਕਿਸੇ ਹੋਰ ਕੇਸ ਵਿੱਚ ਲੋੜ ਨਹੀਂ ਹੈ, ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

Advertisement

ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ 2002 ਦੇ ਨੀਤੀਸ਼ ਕਟਾਰਾ ਕਤਲ ਕੇਸ ਵਿੱਚ ਸੁਖਦੇਵ ਯਾਦਵ ਉਰਫ਼ ਪਹਿਲਵਾਨ ਦੀ ਰਿਹਾਈ ਦਾ ਹੁਕਮ ਦਿੰਦੇ ਹੋਏ ਇਹ ਨਿਰਦੇਸ਼ ਦਿੱਤਾ। ਅਦਾਲਤ ਨੇ ਕਿਹਾ ਕਿ ਯਾਦਵ ਨੇ ਇਸ ਸਾਲ ਮਾਰਚ ਵਿੱਚ ਬਿਨਾਂ ਕਿਸੇ ਛੋਟ ਦੇ ਆਪਣੀ 20 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ।

ਬੈਂਚ ਨੇ ਕਿਹਾ, ‘‘ਇਸ ਹੁਕਮ ਦੀ ਕਾਪੀ ਰਜਿਸਟਰੀ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰਹਿ ਸਕੱਤਰਾਂ ਨੂੰ ਭੇਜੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਕੋਈ ਦੋਸ਼ੀ ਜਾਂ ਕੈਦੀ ਸਜ਼ਾ ਦੀ ਮਿਆਦ ਤੋਂ ਬਾਅਦ ਵੀ ਜੇਲ੍ਹ ਵਿੱਚ ਰਿਹਾ ਹੈ।’’

ਇਸ ਵਿੱਚ ਅੱਗੇ ਕਿਹਾ ਗਿਆ ਹੈ, ‘‘ਜੇ ਅਜਿਹਾ ਹੈ, ਤਾਂ ਅਜਿਹੇ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ, ਜੇ ਉਨ੍ਹਾਂ ਦੀ ਕਿਸੇ ਹੋਰ ਮਾਮਲੇ ਵਿੱਚ ਲੋੜ ਨਾ ਹੋਵੇ। ਇਸੇ ਤਰ੍ਹਾਂ ਦੀ ਇੱਕ ਕਾਪੀ ਮੈਂਬਰ ਸਕੱਤਰ ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼ ਨੂੰ ਅੱਗੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਲੀਗਲ ਸਰਵਿਸ ਅਥਾਰਟੀਜ਼ ਦੇ ਮੈਂਬਰ ਸਕੱਤਰਾਂ ਨੂੰ ਭੇਜੀ ਜਾਵੇ ਤਾਂ ਜੋ ਰਾਜਾਂ ਵਿੱਚ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀਜ਼ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਿਹਾ ਜਾ ਸਕੇ।’’

ਸੁਪਰੀਮ ਕੋਰਟ ਨੇ ਕਿਹਾ ਕਿ ਯਾਦਵ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ। ਬੈਂਚ ਨੇ ਕਿਹਾ, ‘‘9 ਮਾਰਚ, 2025 ਤੋਂ ਬਾਅਦ ਅਪੀਲਕਰਤਾ ਦੀ ਕੋਈ ਹੋਰ ਕੈਦ ਨਹੀਂ ਹੋ ਸਕਦੀ... ਅਸਲ ਵਿੱਚ 10 ਮਾਰਚ, 2025 ਨੂੰ ਅਪੀਲਕਰਤਾ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਉਸ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ।" ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਯਾਦਵ ਨੂੰ ਤਿੰਨ ਮਹੀਨਿਆਂ ਦੀ ਫਰਲੋ ਦਿੱਤੀ ਸੀ, ਕਿਉਂਕਿ ਉਸ ਨੇ ਬਿਨਾਂ ਕਿਸੇ ਛੋਟ ਦੇ ਲਗਾਤਾਰ 20 ਸਾਲ ਕੈਦ ਕੱਟੀ ਸੀ।

ਕੀ ਹੈ ਫਰਲੋ ?

ਫਰਲੋ ਜੇਲ੍ਹ ਤੋਂ ਇੱਕ ਅਸਥਾਈ ਰਿਹਾਈ ਹੁੰਦੀ ਹੈ, ਪੂਰੀ ਸਜ਼ਾ ਦੀ ਮੁਅੱਤਲੀ ਜਾਂ ਛੋਟ ਨਹੀਂ ਹੁੰਦੀ, ਅਤੇ ਇਹ ਆਮ ਤੌਰ 'ਤੇ ਲੰਬੇ ਸਮੇਂ ਦੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਸਜ਼ਾ ਦਾ ਕੁਝ ਹਿੱਸਾ ਕੱਟਿਆ ਹੁੰਦਾ ਹੈ।

ਯਾਦਵ ਦੀ ਪਟੀਸ਼ਨ ਨੇ ਦਿੱਲੀ ਹਾਈ ਕੋਰਟ ਦੇ ਨਵੰਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ ਉਸ ਨੂੰ ਤਿੰਨ ਹਫ਼ਤਿਆਂ ਲਈ ਫਰਲੋ ’ਤੇ ਰਿਹਾਅ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਸਨਸਨੀਖੇਜ਼ ਅਗਵਾ ਅਤੇ ਕਤਲ ’ਤੇ ਸੁਣਵਾਈ ਦੌਰਾਨ ਮਾਮਲਾ ਸਾਹਮਣੇ ਆਇਆ

3 ਅਕਤੂਬਰ 2016 ਨੂੰ ਸੁਪਰੀਮ ਕੋਰਟ ਨੇ ਨੀਤੀਸ਼ ਕਟਾਰਾ ਦੇ ਸਨਸਨੀਖੇਜ਼ ਅਗਵਾ ਅਤੇ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਵਿਕਾਸ ਯਾਦਵ ਅਤੇ ਉਸਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਬਿਨਾਂ ਕਿਸੇ ਛੋਟ ਦੇ 25 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਸੀ। ਸਹਿ-ਦੋਸ਼ੀ ਸੁਖਦੇਵ ਯਾਦਵ ਨੂੰ 20 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ।

ਉਨ੍ਹਾਂ ਨੂੰ 16 ਅਤੇ 17 ਫਰਵਰੀ, 2002 ਦੀ ਦਰਮਿਆਨੀ ਰਾਤ ਨੂੰ ਇੱਕ ਵਿਆਹ ਦੀ ਪਾਰਟੀ ਤੋਂ ਕਟਾਰਾ ਨੂੰ ਅਗਵਾ ਕਰਨ ਅਤੇ ਫਿਰ ਵਿਕਾਸ ਦੀ ਭੈਣ ਭਾਰਤੀ ਯਾਦਵ ਨਾਲ ਉਸ ਦੇ ਕਥਿਤ ਸਬੰਧਾਂ ਕਾਰਨ ਉਸ ਨੂੰ ਮਾਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਭਾਰਤੀ ਉੱਤਰ ਪ੍ਰਦੇਸ਼ ਦੇ ਸਿਆਸਤਦਾਨ ਡੀ.ਪੀ. ਯਾਦਵ ਦੀ ਧੀ ਹੈ।

ਟਰਾਇਲ ਕੋਰਟ ਨੇ ਕਿਹਾ ਕਿ ਕਟਾਰਾ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਵਿਸ਼ਾਲ ਅਤੇ ਵਿਕਾਸ ਯਾਦਵ ਉਨ੍ਹਾਂ ਦੀਆਂ ਵੱਖ-ਵੱਖ ਜਾਤਾਂ ਕਾਰਨ ਭਾਰਤੀ ਨਾਲ ਉਸਦੇ ਸਬੰਧਾਂ ਨੂੰ ਮਨਜ਼ੂਰੀ ਨਹੀਂ ਦਿੰਦੇ ਸਨ।

Advertisement
×