ਪ੍ਰਧਾਨ ਮੰਤਰੀ ਦਾ ਮਨੀਪੁਰ ਅਤੇ ਮਿਜ਼ੋਰਮ ਦੌਰਾ ਸ਼ਨਿਚਰਵਾਰ ਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਮਨੀਪੁਰ ਦਾ ਦੌਰਾ ਕਰਨ ਜਾ ਰਹੇ ਹਨ। ਸੂਬੇ ਵਿੱਚ ਭਿਆਨਕ ਨਸਲੀ ਹਿੰਸਾ ਫੈਲਣ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਫੇਰੀ ਹੋਵੇਗੀ। ਇਸ ਦੌਰਾਨ ਉਹ 8,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਵੇਰਵਿਆਂ ਅਨੁਸਾਰ ਸ੍ਰੀ ਮੋਦੀ ਚੂਰਾਚੰਦਪੁਰ ਦੇ ਪੀਸ ਗਰਾਊਂਡ ਵਿੱਚ 7,300 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿੱਥੇ ਕੂਕੀ ਲੋਕ ਬਹੁਗਿਣਤੀ ਵਿੱਚ ਹਨ। ਪ੍ਰਧਾਨ ਮੰਤਰੀ ਮੇਈਤੇਈ-ਬਹੁਗਿਣਤੀ ਵਾਲੇ ਇੰਫਾਲ ਵਿੱਚ 1,200 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦਾ ਇਹ ਦੌਰਾ ਕੂਕੀ ਅਤੇ ਮੇਈਤੇਈ ਭਾਈਚਾਰਿਆਂ ਵਿਚਕਾਰ ਹੋਈ ਨਸਲੀ ਹਿੰਸਾ ਤੋਂ ਬਾਅਦ ਸੂਬੇ ਵਿੱਚ ਨਾ ਆਉਣ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਵਾਰ-ਵਾਰ ਆਲੋਚਨਾ ਦੇ ਵਿਚਕਾਰ ਹੋ ਰਿਹਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਿਜ਼ੋਰਮ ਦਾ ਵੀ ਦੌਰਾ ਕਰਨਗੇ ਜਿੱਥੇ ਉਹ ਬੈਰਾਬੀ-ਸਾਈਰੰਗ ਬ੍ਰੌਡਗੇਜ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ ਅਤੇ ਆਈਜ਼ੌਲ ਅਤੇ ਦਿੱਲੀ ਵਿਚਕਾਰ ਪਹਿਲੀ ਰਾਜਧਾਨੀ ਐਕਸਪ੍ਰੈਸ ਅਤੇ ਹੋਰ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ।
ਉਨ੍ਹਾਂ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਮੋਦੀ ਦਾ ਉੱਤਰ-ਪੂਰਬੀ ਰਾਜ ਦਾ ਦੂਜਾ ਦੌਰਾ ਹੋਵੇਗਾ।-ਪੀਟੀਆਈ