DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਵਿਧਾਨ ਵਿੱਚ ਸੋਧ ਸਬੰਧੀ ਟਿੱਪਣੀਆਂ ਬਾਰੇ ਸਪੱਸ਼ਟ ਕਰਨ ਪ੍ਰਧਾਨ ਮੰਤਰੀ: ਖੜਗੇ

ਕਾਂਗਰਸ ਪ੍ਰਧਾਨ ਨੇ ਮੋਦੀ ਦੀ ਚੁੱਪ ’ਤੇ ਉਠਾਏ ਸਵਾਲ; ‘ਸੰਵਿਧਾਨ ਬਦਲਣ’ ਬਾਰੇ ਖਾਮੋਸ਼ੀ ਖ਼ਤਰਨਾਕ: ਰਾਹੁਲ
  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। ਉਨ੍ਹਾਂ ਨਾਲ ਤਸਵੀਰ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਨਜ਼ਰ ਆ ਰਹੇ ਹਨ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 11 ਮਾਰਚ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਵਿਧਾਨ ਬਦਲਣ ਸਬੰਧੀ ਅਨੰਤ ਕੁਮਾਰ ਹੈਗੜੇ ਦੀਆਂ ਟਿੱਪਣੀਆਂ ਨੂੰ ਲੈ ਕੇ ਅੱਜ ਭਾਜਪਾ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਅਜਿਹੇ ਕਦਮਾਂ ਨਾਲ ਦੇਸ਼ ਵਿੱਚ ‘ਉਥਲ-ਪੁਥਲ’ ਮੱਚ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਸਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ’ਤੇ ਸੰਵਿਧਾਨ ਵਿੱਚ ਦਰਜ ਸਮਾਜਿਕ ਨਿਆਂ ਤੇ ਧਰਮ-ਨਿਰਪੱਖ ਖ਼ਿਲਾਫ਼ ਹੋਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਪਾਰਟੀ ਦੇ ਕਈ ਆਗੂ ਅਤੇ ਸੰਸਦ ਮੈਂਬਰ ਅਤੀਤ ਵਿੱਚ ਵੀ ਅਜਿਹੇ ਬਿਆਨ ਦੇ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨੇ ਹੁਣ ਤੱਕ ਚੁੱਪ ਵੱਟੀ ਹੋਈ ਹੈ।

Advertisement

ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ’ਤੇ ਚੁੱਪ ਕਿਉਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਜਾਂ ਆਰਐੱਸਐੱਸ ਦੇ ਕਿਸੇ ਆਗੂ ਨੇ ਸੰਵਿਧਾਨ ਬਦਲਣ ਬਾਰੇ ਗੱਲ ਕੀਤੀ ਹੋਵੇ। ਅਤੀਤ ਵਿੱਚ ਵੀ ਕਈ ਆਗੂ ਅਜਿਹੇ ਬਿਆਨ ਦੇ ਚੁੱਕੇ ਹਨ। ਭਾਜਪਾ ਆਗੂਆਂ ਨੂੰ ਇਸ ਤਰ੍ਹਾਂ ਬੋਲਣ ਦੀ ਇਜਾਜ਼ਤ ਕਿਉਂ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਇਹ ਚੰਗੀ ਮਾਨਸਿਕਤਾ ਨਹੀਂ ਹੈ। ਜੇਕਰ ਤੁਸੀਂ ਸੰਵਿਧਾਨ ਬਦਲਣਾ ਚਾਹੁੰਦੇ ਹੋ ਤਾਂ ਦੇਸ਼ ਵਿੱਚ ਉਥਲ-ਪੁਥਲ ਵਾਲਾ ਮਾਹੌਲ ਬਣ ਜਾਵੇਗਾ।’’

ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘‘ਸੰਵਿਧਾਨ ਬਦਲਣ’ ਦੇ ਭਾਜਪਾ ਸੰਸਦ ਮੈਂਬਰ ਦੇ ਬਿਆਨ ’ਤੇ ਨਰਿੰਦਰ ਮੋਦੀ ਦੀ ਚੁੱਪ ਖ਼ਤਰਨਾਕ ਹੈ। ਹੁਣ ਚੋਣ ਮੁਕਾਬਲਾ ਦੋ ਵਿਚਾਰਧਾਰਾਵਾਂ ਵਿਚਕਾਰ ਹੈ।’’ ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸੰਵਿਧਾਨਕ ਜਾਂ ਗ਼ੈਰ-ਸੰਵਿਧਾਨ, ਸਮਾਜਿਕ ਨਿਆਂ ਜਾਂ ਸ਼ੋਸ਼ਣ, ਧਰਮਨਿਰਪੱਖ ਜਾਂ ਫਿਰਕਾਪ੍ਰਸਤੀ, ਮਨੁੱਖੀ ਅਧਿਕਾਰ ਜਾਂ ਨਿਤਾਣੇ ਲੋਕ, ਬੋਲਣ ਦੀ ਆਜ਼ਾਦੀ ਜਾਂ ਡਰ ਕਾਰਨ ਚੁੱਪੀ, ਪਿਆਰ ਜਾਂ ਨਫ਼ਰਤ, ਵਿਭਿੰਨਤਾ ਜਾਂ ਏਕਾਧਿਕਾਰ, ਨਿਆਂ ਵਿਵਸਥਾ ਜਾਂ ਤਾਨਾਸ਼ਾਹੀ ਅਨਿਆਂ ਵਿਚਕਾਰ ਹੈ। ਇਸ ਦੌਰਾਨ ਭਾਜਪਾ ਤੋਂ ਅਸਤੀਫ਼ਾ ਦੇਣ ਵਾਲੇ ਚੁਰੂ ਤੋਂ ਸੰਸਦ ਮੈਂਬਰ ਰਾਹੁਲ ਕਾਸਵਾਨ ਅੱਜ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਲੋਕ ਸਭਾ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।

ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਪੈਰਾਲਿੰਪਿਕ ’ਚ ਸੋਨ ਤਗਮਾ ਜੇਤੂ ਦੇਵੇਂਦਰ ਝੰਝਾਰੀਆ ਨੂੰ ਮੈਦਾਨ ’ਚ ਉਤਾਰਿਆ ਹੈ। -ਪੀਟੀਆਈ

ਮੋਦੀ ਦੀ ‘ਵਾਰੰਟੀ’ ਖ਼ਤਮ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ‘ਮੋਦੀ ਕੀ ਗਾਰੰਟੀ’ ਦੀ ‘ਨਿਰੰਤਰ ਮੁਹਿੰਮ’ ਇਸ ਸਚਾਈ ਨੂੰ ਨਹੀਂ ਬਦਲ ਸਕਦੀ ਕਿ ਉਨ੍ਹਾਂ ਦੀ ‘ਵਾਰੰਟੀ’ ਹੁਣ ਖ਼ਤਮ ਹੋ ਗਈ ਹੈ ਅਤੇ ਉਹ ਚੋਣਾਂ ਜਿੱਤਣ ਲਈ ਕੁੱਝ ਵੀ ਕਹਿ ਸਕਦੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਚੱਕਰ ਲਾ ਕੇ ਆਪਣੀਆਂ ‘ਗਾਰੰਟੀਆਂ’ ਦੀਆਂ ਖ਼ੂਬੀਆਂ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਸੱਤਾ ਵਿੱਚ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪੂਰੀਆਂ ਕੀਤੀਆਂ ਦਸ ਗਾਰੰਟੀਆਂ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਜਵਾਨਾਂ ਲਈ ਹਰੇਕ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਦੇ ‘ਅਨਿਆਏ-ਕਾਲ’ ਦੌਰਾਨ ਭਾਰਤ ਵਿੱਚ ਬੇਰੁਜ਼ਗਾਰੀ 45 ਸਾਲਾਂ ਦੇ ਸਿਖਰ ’ਤੇ ਪਹੁੰਚ ਗਈ ਹੈ। ਜੈਰਾਮ ਰਮੇਸ਼ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ, ਕਾਲੇ ਧਨ ’ਤੇ ਲਗਾਮ ਕੱਸਣ ਆਦਿ ਮੁੱਦਿਆਂ ’ਤੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ। -ਪੀਟੀਆਈ

ਟੈਕਸ ਜੁਰਮਾਨਾ ਮਾਮਲਾ: ਦਿੱਲੀ ਹਾਈ ਕੋਰਟ ਪੁੱਜੀ ਕਾਂਗਰਸ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕਾਂਗਰਸ ਨੇ ਆਮਦਨ ਕਰ ਅਪੀਲੀ ਟ੍ਰਿਬਿਊਨਲ ਵੱਲੋਂ ਕੁਝ ਟੈਕਸ ਰਿਟਰਨਾਂ ਵਿੱਚ ਗੜਬੜੀਆਂ ਲਈ ਜੁਰਮਾਨਾ ਲਾਉਣ ਵਿਰੁੱਧ ਆਪਣੀ ਪਟੀਸ਼ਨ ਨੂੰ ਖਾਰਜ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਅੱਜ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਸੀਨੀਅਰ ਵਕੀਲ ਵਿਵੇਕ ਤਨਖਾ ਨੇ ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੇ ਬੈਂਚ ਅੱਗੇ ਪਟੀਸ਼ਨ ਪੇਸ਼ ਕੀਤੀ। ਤਨਖਾ ਨੇ ਕਿਹਾ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਲੋੜ ਹੈ ਕਿਉਂਕਿ ਕਾਂਗਰਸ ਦੇ ਖਾਤਿਆਂ ਤੋਂ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਹੈ। ਇਸ ਮਾਮਲੇ ’ਤੇ 12 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ।

Advertisement
×