ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਜਲਾਸ ਲਈ ਅਗਲੇ ਮਹੀਨੇ ਅਮਰੀਕਾ ਜਾਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਸਤੰਬਰ ਵਿਚ ਹੋਣ ਵਾਲੇ ਸਾਲਾਨਾ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਵਿਚ ਇਹ ਦਾਅਵਾ ਕੀਤਾ ਗਿਆ ਹੈ। ਯੂਐੱਨਜੀਏ ਦਾ 80ਵਾਂ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਸਤੰਬਰ ਵਿਚ ਹੋਣ ਵਾਲੇ ਸਾਲਾਨਾ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਯੂਐੱਨਜੀਏ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਆਮ ਬਹਿਸ 23-29 ਸਤੰਬਰ ਤੱਕ ਚੱਲੇਗੀ, ਜਿਸ ਵਿੱਚ ਬ੍ਰਾਜ਼ੀਲ ਸੈਸ਼ਨ ਦਾ ਰਵਾਇਤੀ ਪਹਿਲਾ ਤੇ ਅਮਰੀਕਾ ਦੂਜਾ ਬੁਲਾਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੰਚ ਤੋਂ ਆਲਮੀ ਆਗੂਆਂ ਨੂੰ ਸੰਬੋਧਨ ਕਰਨਗੇ। ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਵਿੱਚ ਸੰਯੁਕਤ ਰਾਸ਼ਟਰ ਸੈਸ਼ਨ ਨੂੰ ਟਰੰਪ ਦਾ ਇਹ ਪਹਿਲਾ ਸੰਬੋਧਨ ਹੈ।
ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੀ ਉੱਚ-ਪੱਧਰੀ ਬਹਿਸ ਲਈ ਬੁਲਾਰਿਆਂ ਦੀ ਆਰਜ਼ੀ ਸੂਚੀ ਮੁਤਾਬਕ ਭਾਰਤ ਦੇ ‘ਸਰਕਾਰ ਮੁਖੀ (HG)’ 26 ਸਤੰਬਰ ਦੀ ਸਵੇਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ। ਇਜ਼ਰਾਈਲ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਰਕਾਰਾਂ ਦੇ ਮੁਖੀ ਵੀ ਉਸੇ ਦਿਨ UNGA ਆਮ ਬਹਿਸ ਨੂੰ ਸੰਬੋਧਨ ਕਰਨ ਵਾਲੇ ਹਨ।
ਮੋਦੀ ਇਸ ਸਾਲ ਫਰਵਰੀ ਵਿੱਚ ਵਾਸ਼ਿੰਗਟਨ, ਡੀਸੀ ਵਿੱਚ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਦੁਵੱਲੀ ਮੀਟਿੰਗ ਲਈ ਅਮਰੀਕਾ ਗਏ ਸਨ। ਆਪਣੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ, ਮੋਦੀ ਅਤੇ ਟਰੰਪ ਨੇ 2025 ਦੇ ਪਤਝੜ ਤੱਕ ਆਪਸੀ ਲਾਭਦਾਇਕ, ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ (BTA) ਦੇ ਪਹਿਲੀ ਗੇੜ ਦੀ ਗੱਲਬਾਤ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ।
ਇਸ ਵਪਾਰਕ ਗੱਲਬਾਤ ਦਰਮਿਆਨ ਹੀ ਟਰੰਪ ਨੇ ਪਿਛਲੇ ਦਿਨੀਂ ਭਾਰਤ ’ਤੇ ਕੁੱਲ 50 ਫੀਸਦ ਟੈਰਿਫ ਲਗਾਇਆ, ਜਿਸ ਵਿੱਚ ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਖਰੀਦ ਲਈ ਲਾਇਆ 25 ਫੀਸਦ ਦਾ ਜੁਰਮਾਨਾ ਵੀ ਸ਼ਾਮਲ ਹੈ, ਜੋ 27 ਅਗਸਤ ਤੋਂ ਲਾਗੂ ਹੋਵੇਗਾ।
ਉਧਰ ਟੈਰਿਫਾਂ ਦਾ ਜਵਾਬ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ ਨੂੰ ਨਿਸ਼ਾਨਾ ਬਣਾਉਣਾ ਗੈਰ-ਵਾਜਬ ਹੈ। ਮੰਤਰਾਲੇ ਨੇ ਕਿਹਾ ਸੀ
ਕਿ ਕਿਸੇ ਵੀ ਵੱਡੇ ਅਰਥਚਾਰੇ ਵਾਂਗ, ਭਾਰਤ ਆਪਣੇ ਕੌਮੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ।