ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਤੋਂ ਵਿਦੇਸ਼ ਦੌਰੇ ’ਤੇ ਜਾਣਗੇ
ਨਵੀਂ ਦਿੱਲੀ, 27 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 9 ਜੁਲਾਈ ਤੱਕ ਪੰਜ ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋਣਗੇ। ਇਸ ਦੌਰਾਨ ਉਹ ਬ੍ਰਾਜ਼ੀਲ ’ਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਨਾਲ ਹੀ ਗਲੋਬਲ ਸਾਊਥ ਦੇ ਪ੍ਰਮੁੱਖ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ।
ਵਿਦੇਸ਼ ਮੰਤਰਾਲੇ ਅਨੁਸਾਰ, ਇਸ ਅੱਠ ਦਿਨਾਂ ਦੇ ਦੌਰੇ ਵਿੱਚ, ਸ਼੍ਰੀ ਮੋਦੀ ਘਾਨਾ, ਤ੍ਰਿਨੀਦਾਦ ਅਤੇ ਟੋਬਾਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਦੌਰਾ ਕਰਨਗੇ। ਦੌਰੇ ਦੀ ਸ਼ੁਰੂਆਤ 2 ਜੁਲਾਈ ਨੂੰ ਘਾਨਾ ਨਾਲ ਹੋਵੇਗੀ, ਜੋ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਤਿੰਨ ਦਹਾਕਿਆਂ ਬਾਅਦ ਪਹਿਲਾ ਦੁਵੱਲਾ ਦੌਰਾ ਹੈ। ਇਸ ਤੋਂ ਬਾਅਦ ਉਹ 3 ਤੋਂ 4 ਜੁਲਾਈ ਤੱਕ ਤ੍ਰਿਨੀਦਾਦ ਅਤੇ ਟੋਬਾਗੋ ਜਾਣਗੇ, ਜਿੱਥੇ ਉਹ ਉੱਥੋਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ।
ਦੌਰੇ ਦੇ ਤੀਜੇ ਪੜਾਅ ਵਿੱਚ, 4 ਤੋਂ 5 ਜੁਲਾਈ ਤੱਕ ਅਰਜਨਟੀਨਾ ਵਿੱਚ, ਉਹ ਰਾਸ਼ਟਰਪਤੀ ਜੇਵੀਅਰ ਮਾਈਲੀ ਨਾਲ ਰੱਖਿਆ, ਖੇਤੀਬਾੜੀ, ਊਰਜਾ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਵਧਾਉਣ 'ਤੇ ਚਰਚਾ ਕਰਨਗੇ।
5 ਤੋਂ 8 ਜੁਲਾਈ ਤੱਕ, ਸ਼੍ਰੀ ਮੋਦੀ ਬ੍ਰਾਜ਼ੀਲ ਵਿੱਚ 17ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਇਹ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਚੌਥਾ ਬ੍ਰਾਜ਼ਿਲਆਈ ਦੌਰਾ ਹੋਵੇਗਾ।
ਅੰਤ ਵਿੱਚ, ਉਹ ਨਾਮੀਬੀਆ ਦਾ ਦੌਰਾ ਕਰਨਗੇ, ਜੋ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਾਮੀਬੀਆ ਦਾ ਤੀਜਾ ਦੌਰਾ ਹੈ, ਜਿੱਥੇ ਉਹ ਉੱਥੋਂ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ ਅਤੇ ਸੰਸਦ ਨੂੰ ਵੀ ਸੰਬੋਧਨ ਕਰ ਸਕਦੇ ਹਨ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਦੌਰਾ ਨਾਮੀਬੀਆ ਨਾਲ ਭਾਰਤ ਦੇ ਡੂੰਘੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।-ਪੀਟੀਆਈ