ਪੰਜ ਮੁਲਕਾਂ ਦੀ ਫੇਰੀ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਤੇ ਟੋਬੈਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਮਲਾ ਪ੍ਰਸਾਦ-ਬਿਸੇਸਰ ਵੱਲੋਂ ਭਾਰਤੀ ਹਮਰੁਤਬਾ ਦਾ ਹਵਾਈ ਅੱਡੇ ’ਤੇ ਰਸਮੀ ਸਵਾਗਤ, ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਸਿਖਰਲੇ ਆਗੂਆਂ ਨੂੰ ਮਿਲਣਗੇ; ਪ੍ਰਧਾਨ ਮੰਤਰੀ ਵੱਲੋਂ ਤ੍ਰਿਨੀਦਾਦ, ਟੋਬੈਗੋ ਦੇ ਪ੍ਰਵਾਸੀਆਂ ਨੂੰ ਭਾਰਤ ਆਉਣ ਦਾ ਸੱਦਾ; OCI ਕਾਰਡ ਦੇ ਵਿਸਥਾਰ ਦਾ ਕੀਤਾ ਐਲਾਨ
ਪੋਰਟ ਆਫ਼ ਸਪੇਨ, 4 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਮੁਲਕਾਂ ਦੀ ਫੇਰੀ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਤੇ ਟੋਬੈਗੋ ਪਹੁੰਚ ਗਏ ਹਨ। ਦੋ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਤ੍ਰਿਨੀਦਾਦ ਤੇ ਟੋਬੈਗੋ ਦੇ ਸਿਖਰਲੇ ਆਗੂਆਂ ਨੂੰ ਮਿਲਣਗੇ। ਸ੍ਰੀ ਮੋਦੀ ਦਾ ਉਨ੍ਹਾਂ ਦੇ ਹਮਰੁਤਬਾ ਕਮਲਾ ਪ੍ਰਸਾਦ-ਬਿਸੇਸਰ ਨੇ ਪਿਆਰਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਵਾਗਤ ਕੀਤਾ। ਸ੍ਰੀ ਮੋਦੀ ਦੇ ਰਸਮੀ ਸਵਾਗਤ ਦੇ ਨਾਲ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਕਈ ਕੈਬਨਿਟ ਮੰਤਰੀ ਅਤੇ ਸੈਨੇਟਰ ਵੀ ਮੌਜੂਦ ਸਨ। ਹਵਾਈ ਅੱਡੇ ’ਤੇ ਸਭਿਆਚਾਰਕ ਪੇਸ਼ਕਾਰੀ ਵੀ ਦਿੱਤੀ ਗਈ ਅਤੇ ਮੋਦੀ ਭਾਰਤੀ ਮਿਥਿਹਾਸ ਦੇ ਪਾਤਰਾਂ ਦੇ ਰੂਪ ਵਿੱਚ ਸਜੇ ਲੋਕਾਂ ਨੂੰ ਵੀ ਮਿਲੇ।
Landed in Port of Spain, Trinidad & Tobago. I thank Prime Minister Kamla Persad-Bissessar, distinguished members of the Cabinet and MPs for the gesture of welcoming me at the airport. This visit will further cement bilateral ties between our nations. Looking forward to addressing… pic.twitter.com/lyxxnKKfsR
— Narendra Modi (@narendramodi) July 3, 2025
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੋਰਟ ਆਫ਼ ਸਪੇਨ, ਤ੍ਰਿਨੀਦਾਦ ਅਤੇ ਟੋਬੈਗੋ ਪਹੁੰਚ ਗਿਆ ਹਾਂ। ਮੈਂ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ, ਕੈਬਨਿਟ ਦੇ ਵਿਸ਼ੇਸ਼ ਮੈਂਬਰਾਂ ਅਤੇ ਸੰਸਦ ਮੈਂਬਰਾਂ ਦਾ ਹਵਾਈ ਅੱਡੇ ’ਤੇ ਮੇਰਾ ਸਵਾਗਤ ਕਰਨ ਲਈ ਧੰਨਵਾਦ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਫੇਰੀ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਹੁਣ ਤੋਂ ਕੁਝ ਘੰਟਿਆਂ ਵਿੱਚ ਇੱਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਉਮੀਦ ਹੈ।’’ ਸ੍ਰੀ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਇਸ ਦੇਸ਼ ਦਾ ਪਹਿਲਾ ਦੌਰਾ ਹੈ ਅਤੇ 1999 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਤ੍ਰਿਨੀਦਾਦ ਅਤੇ ਟੋਬੈਗੋ ਦਾ ਪਹਿਲਾ ਦੁਵੱਲਾ ਦੌਰਾ ਹੈ।
ਸ੍ਰੀ ਮੋਦੀ ਦੇ ਹੋਟਲ ਪਹੁੰਚਣ ’ਤੇ ਭਾਰਤੀ ਭਾਈਚਾਰੇ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਮੋਦੀ, ਮੋਦੀ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇੱਕ ਆਰਕੈਸਟਰਾ ਨੇ ਪੇਸ਼ਕਾਰੀ ਦਿੱਤੀ ਅਤੇ ਇੱਕ ਹੋਰ ਸਮੂਹ ਨੇ ਰਵਾਇਤੀ ਭੋਜਪੁਰੀ ਚੌਟਾਲ ਤਾਲ ਪੇਸ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨ ਦੀ ਉਮੀਦ ਹੈ। ਉਨ੍ਹਾਂ ਦੀ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਅਤੇ ਇਤਿਹਾਸਕ ਸਬੰਧਾਂ ਨੂੰ ਨਵੀਂ ਪ੍ਰੇਰਣਾ ਦੇਵੇਗੀ। ਸ੍ਰੀ ਮੋਦੀ ਘਾਨਾ ਤੋਂ ਇੱਥੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਵਿਆਪਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਗਰੋਂ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਰਹਿੰਦੇ ਭਾਰਤੀ ਪ੍ਰਵਾਸੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਭਾਰਤ ਦਾ ਦੌਰਾ ਕਰਨ ਅਤੇ ਉਸ ਮਿੱਟੀ ’ਤੇ ਤੁਰਨ ਦੀ ਅਪੀਲ ਕੀਤੀ ਜਿਸ ’ਤੇ ਉਹ ਕਦੇ ਤੁਰੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਪਿੱਛੇ ਘਰਾਂ ’ਚ ਬੈਠੇ ਲੋਕ ਉਨ੍ਹਾਂ ਦਾ ਖੁੱਲ੍ਹੀਆਂ ਬਾਹਾਂ ਅਤੇ ਜਲੇਬੀ ਨਾਲ ਸਵਾਗਤ ਕਰਨਗੇ। ਕਾਬਿਲੇਗੌਰ ਹੈ ਕਿ ਤ੍ਰਿਨੀਦਾਦ ਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੂੰ ਭਾਰਤ ਨਾਲ ਉਨ੍ਹਾਂ ਦੇ ਪੁਰਖਿਆਂ ਦੇ ਸਬੰਧਾਂ ਕਾਰਨ "ਬਿਹਾਰ ਦੀ ਧੀ" ਕਿਹਾ ਜਾਂਦਾ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਨਹੀਂ, ਸਗੋਂ ਨਿੱਜੀ ਤੌਰ ’ਤੇ ਭਾਰਤ ਆਉਣ ਲਈ ਉਤਸ਼ਾਹਿਤ ਕਰਦਾ ਹਾਂ। ਆਪਣੇ ਪੁਰਖਿਆਂ ਦੇ ਪਿੰਡਾਂ ਦਾ ਦੌਰਾ ਕਰੋ। ਉਸ ਮਿੱਟੀ ’ਤੇ ਚੱਲੋ ਜਿਸ ’ਤੇ ਉਹ ਤੁਰੇ ਸਨ। ਆਪਣੇ ਬੱਚਿਆਂ ਅਤੇ ਗੁਆਂਢੀਆਂ ਨੂੰ ਲਿਆਓ। ਕਿਸੇ ਵੀ ਵਿਅਕਤੀ ਨੂੰ ਆਪਣੇ ਨਾਲ ਲਿਆਓ ਜੋ 'ਚਾਹ' ਅਤੇ ਚੰਗੀ ਕਹਾਣੀ ਦਾ ਆਨੰਦ ਮਾਣਦਾ ਹੈ। ਅਸੀਂ ਤੁਹਾਡਾ ਸਾਰਿਆਂ ਦਾ ਖੁੱਲ੍ਹੀਆਂ ਬਾਹਾਂ, ਨਿੱਘੇ ਦਿਲਾਂ ਅਤੇ ਜਲੇਬੀ ਨਾਲ ਸਵਾਗਤ ਕਰਾਂਗੇ। ਉਨ੍ਹਾਂ ਬਿਸੇਸਰ ਨੂੰ ਮਹਾਕੁੰਭ ਦਾ ਦੌਰਾ ਕਰਨ ਲਈ ਵੀ ਸੱਦਾ ਦਿੱਤਾ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਭਾਰਤੀ ਮੂਲ ਦੇ ਵਿਅਕਤੀ ਛੇਵੀਂ ਪੀੜ੍ਹੀ ਤੱਕ ਹੁਣ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਕਾਰਡ ਲਈ ਯੋਗ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਭਾਰਤ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ।
ਪ੍ਰਧਾਨ ਮੰਤਰੀ ਆਪਣੇ ਦੌਰੇ ਦੇ ਤੀਜੇ ਪੜਾਅ ਤਹਿਤ 4 ਤੋਂ 5 ਜੁਲਾਈ ਤੱਕ ਅਰਜਨਟੀਨਾ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ 17ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਦੀ ਯਾਤਰਾ ਕਰਨਗੇ ਅਤੇ ਉਸ ਤੋਂ ਬਾਅਦ ਇੱਕ ਸਰਕਾਰੀ ਦੌਰਾ ਕਰਨਗੇ। ਆਪਣੀ ਫੇਰੀ ਦੇ ਆਖਰੀ ਪੜਾਅ ਵਿੱਚ ਮੋਦੀ ਨਾਮੀਬੀਆ ਜਾਣਗੇ। -ਪੀਟੀਆਈ