ਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ
* ਅਮਰੀਕਾ ਦੌਰੇ ਦਾ ਮਕਸਦ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦਾ ਮੌਕਾ: ਮੋਦੀ
ਨਵੀਂ ਦਿੱਲੀ/ਪੈਰਿਸ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਦੌਰੇ ’ਤੇ ਅੱਜ ਫਰਾਂਸ ਪਹੁੰਚ ਗਏ ਹਨ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਮਸਨੂਈ ਬੌਧਿਕਤਾ (ਏਆਈ) ਐਕਸ਼ਨ ਸੰਮੇਲਨ ’ਚ ਸਹਿ-ਪ੍ਰਧਾਨਗੀ ਕਰਨਗੇ। ਉਹ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਮੋਦੀ 12 ਫਰਵਰੀ ਤੱਕ ਫਰਾਂਸ ’ਚ ਰਹਿਣਗੇ ਅਤੇ ਉੱਥੋਂ ਉਹ ਦੋ-ਰੋਜ਼ਾ ਦੌਰੇ ’ਤੇ ਅਮਰੀਕਾ ਜਾਣਗੇ ਜਿਥੇ ਉਹ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਮਗਰੋਂ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਮੋਦੀ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਸੱਦੇ ’ਤੇ ਫਰਾਂਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ‘ਏਆਈ ਐਕਸ਼ਨ ਸਮਿਟ’ ਦੀ ਸਹਿ-ਪ੍ਰਧਾਨਗੀ ਕਰਨਗੇ ਜਿਸ ’ਚ ਆਲਮੀ ਆਗੂਆਂ ਤੋਂ ਇਲਾਵਾ ਦਿੱਗਜ ਤਕਨਾਲੋਜੀ ਕੰਪਨੀਆਂ ਦੇ ਸੀਈਓਜ਼ ਵੀ ਮੌਜੂਦ ਰਹਿਣਗੇ। ਮੋਦੀ ਨੇ ਕਿਹਾ, ‘‘ਦੋ ਮੁਲਕਾਂ ਦੀ ਮੇਰੀ ਇਹ ਯਾਤਰਾ ਮੇਰੇ ਦੋਸਤ ਰਾਸ਼ਟਰਪਤੀ ਮੈਕਰੌਂ ਦੇ ਨਾਲ ਨਾਲ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਲਈ 2047 ਦੇ ਖਾਕੇ ਸਬੰਧੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਦਾ ਮੌਕਾ ਪ੍ਰਦਾਨ ਕਰੇਗੀ।’’ ਦੋਵੇਂ ਆਗੂ ਫਰਾਂਸ ’ਚ ਪਹਿਲੇ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕਰਨ ਲਈ ਇਤਿਹਾਸਕ ਸ਼ਹਿਰ ਮਾਰਸਿਲੇ ਦਾ ਦੌਰਾ ਵੀ ਕਰਨਗੇ। ਉਹ ਕੌਮਾਂਤਰੀ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ ਪ੍ਰਾਜੈਕਟ ਦਾ ਵੀ ਦੌਰਾ ਕਰਨਗੇ। ਮੋਦੀ ਨੇ ਕਿਹਾ ਕਿ ਉਹ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਮਜ਼ਾਰਗਿਊਜ਼ ਜੰਗੀ ਕਬਰਸਤਾਨ ਵੀ ਜਾਣਗੇ। ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਏਜੰਡਾ ਤੈਅ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਵਿੱਚ ਤਕਨਾਲੋਜੀ, ਵਪਾਰ, ਰੱਖਿਆ, ਊਰਜਾ ਆਦਿ ਖੇਤਰਾਂ ’ਚ ਸਹਿਯੋਗ ਸ਼ਾਮਲ ਹੈ। ਉਨ੍ਹਾਂ ਕਿਹਾ, “ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦੁਵੱਲੇ ਲਾਹੇ ਲਈ ਰਲ ਕੇ ਕੰਮ ਕਰਾਂਗੇ ਅਤੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਸਿਰਜਾਂਗੇ।” ਉਨ੍ਹਾਂ ਕਿਹਾ, “ਮੈਂ ਆਪਣੇ ਦੋਸਤ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਉਤਸੁਕ ਹਾਂ।’’ -ਪੀਟੀਆਈ
ਭਾਰਤ-ਫਰਾਂਸ ਦੇ ਸਾਂਝੇ ਹਿੱਤ ਦੋਸਤੀ ’ਤੇ ਕੇਂਦਰਤ: ਮੈਕਰੌਂ
ਨਵੀਂ ਦਿੱਲੀ:
ਫਰਾਂਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੁਵੱਲੀ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਸਾਂਝੇ ਹਿੱਤ ਦੋਸਤੀ ’ਤੇ ਕੇਂਦਰਤ ਹਨ। ਭਾਰਤ ਦੇ ‘ਫਸਟਪੋਸਟ’ ਅਤੇ ਫਰਾਂਸੀਸੀ ਸਮਾਚਾਰ ਨੈੱਟਵਰਕ ‘ਫਰਾਂਸ2’ ਨਾਲ ਵੀਡੀਓ ਇੰਟਰਵਿਊ ’ਚ ਮੈਕਰੌਂ ਨੇ ਮਸਨੂਈ ਬੌਧਿਕਤਾ (ਏਆਈ) ਅਤੇ ਉਸ ਦੇ ਆਲਮੀ ਅਸਰ, ਭਾਰਤ-ਫਰਾਂਸ ਸਬੰਧਾਂ ਅਤੇ ਅਮਰੀਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੱਲਬਾਤ ਦੌਰਾਨ ਫਰਾਂਸੀਸੀ ਰਾਸ਼ਟਰਪਤੀ ਨੇ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ’ਚ ਭਾਰਤ ਦੀ ਮਜ਼ਬੂਤੀ ਦਾ ਜ਼ਿਕਰ ਕੀਤਾ। ਇਕ ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਭਾਰਤ ਇਕ ਟਰੇਨਿੰਗ ਸੁਪਰਪਾਵਰ ਹੈ ਜੋ ਹਰ ਸਾਲ 10 ਲੱਖ ਇੰਜਨੀਅਰ ਤਿਆਰ ਕਰਦਾ ਹੈ ਅਤੇ ਇਹ ਅਮਰੀਕਾ ਤੇ ਯੂਰਪ ਵੱਲੋਂ ਸਿਖਲਾਈ ਦਿੱਤੇ ਜਾਣ ਵਾਲੇ ਇੰਜਨੀਅਰਾਂ ਦੀ ਸਾਂਝੀ ਗਿਣਤੀ ਨਾਲੋਂ ਵਧ ਹੈ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਆਪਣੀਆਂ ਪ੍ਰਤਿਭਾਵਾਂ ਨੂੰ ਟਰੇਨ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਵਿਦੇਸ਼ ਜਾ ਸਕਣ ਪਰ ਉਨ੍ਹਾਂ ਨੂੰ ਵਤਨ ’ਚ ਵੀ ਰਹਿਣਾ ਚਾਹੀਦਾ ਹੈ। ਇੰਟਰਵਿਊ ਦੀ ਸ਼ੁਰੂਆਤ ਮੌਕੇ ਮੈਕਰੌਂ ਨੇ ਭਾਰਤ ਦੇ ਲੋਕਾਂ ਦਾ ਹਿੰਦੀ ’ਚ ਸਵਾਗਤ ਕਰਦਿਆਂ ਕਿਹਾ, ‘‘ਭਾਰਤ ਕੇ ਲੋਗੋਂ ਕੋ ਮੇਰਾ ਨਮਸਤੇ।’’ -ਪੀਟੀਆਈ
ਸਟੀਲ ਤੇ ਐਲੁਮੀਨੀਅਮ ’ਤੇ 25 ਫ਼ੀਸਦ ਟੈਕਸ ਲਾਉਣਗੇ ਟਰੰਪ
ਵਾਸ਼ਿੰਗਟਨ:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਤੇ ਮੈਕਸਿਕੋ ਸਮੇਤ ਹੋਰ ਮੁਲਕਾਂ ’ਤੇ ਇਸਪਾਤ ਤੇ ਐਲੁਮੀਨੀਅਮ ਦੀਆਂ ਸਾਰੀਆਂ ਦਰਾਮਦਾਂ ’ਤੇ 25 ਫੀਸਦ ਟੈਕਸ ਲਾਉਣਗੇ। ਇਸ ਦੇ ਨਾਲ ਹੀ ਹਫ਼ਤੇ ਦੇ ਅੰਤ ’ਚ ਹੋਰ ਦਰਾਮਦ ਟੈਕਸ ਵੀ ਲਾਏ ਜਾਣਗੇ। ਸੁਪਰ ਬਾਉਲ ’ਚ ਹਿੱਸਾ ਲੈਣ ਲਈ ਫਲੋਰੀਡਾ ਤੋਂ ਨਿਊ ਓਰਲੀਅਨਜ਼ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘ਅਮਰੀਕਾ ’ਚ ਆਉਣ ਵਾਲੇ ਕਿਸੇ ਵੀ ਸਟੀਲ ’ਤੇ 25 ਫੀਸਦ ਟੈਕਸ ਲੱਗੇਗਾ।’ ਐਲੁਮੀਨੀਅਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਐਲੁਮੀਨੀਅਮ ਵੀ ਇਸੇ ਅਧੀਨ ਹੋਵੇਗਾ।’ ਟਰੰਪ ਨੇ ਜਵਾਬੀ ਟੈਕਸ ਦਾ ਐਲਾਨ ਕਰਨ ਦੀ ਗੱਲ ਵੀ ਦੁਹਰਾਈ ਜਿਸ ਦਾ ਮਤਲਬ ਹੈ ਕਿ ਅਮਰੀਕਾ ਉਨ੍ਹਾਂ ਉਤਪਾਦਾਂ ’ਤੇ ਬਰਾਮਦ ਟੈਕਸ ਲਾਏਗਾ ਜਿੱਥੇ ਕਿਸੇ ਹੋਰ ਮੁਲਕ ਨੇ ਅਮਰੀਕੀ ਵਸਤਾਂ ’ਤੇ ਟੈਕਸ ਲਾਇਆ ਹੈ। -ਏਪੀ
ਭਾਰਤ ਦੀ ਸਟੀਲ ਇੰਡਸਟਰੀ ’ਤੇ ਅਸਰ ਨਹੀਂ ਪਵੇਗਾ: ਸਕੱਤਰ
ਨਵੀਂ ਦਿੱਲੀ:
ਸਟੀਲ ਸਕੱਤਰ ਸੰਦੀਪ ਪੌਂਡ੍ਰਿਕ ਨੇ ਅੱਜ ਕਿਹਾ ਕਿ ਸਟੀਲ ਦੀ ਦਰਾਮਦ ’ਤੇ ਟੈਕਸ ਲਾਉਣ ਸਬੰਧੀ ਅਮਰੀਕਾ ਦੇ ਐਲਾਨ ਦਾ ਭਾਰਤੀ ਸਨਅਤ ’ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਘਰੇਲੂ ਬਾਜ਼ਾਰ ਮਜ਼ਬੂਤ ਹੈ ਅਤੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ 14.5 ਕਰੋੜ ਟਨ ਸਟੀਲ ਦਾ ਉਤਪਾਦਨ ਕੀਤਾ ਸੀ ਜਿਸ ’ਚੋਂ 95 ਹਜ਼ਾਰ ਟਨ ਅਮਰੀਕਾ ਨੂੰ ਬਰਾਮਦ ਕੀਤਾ। ਇਸ ਲਈ ਇਸ ਨਾਲ ਕੀ ਫਰਕ ਪੈਂਦਾ ਹੈ ਕੇ 14.5 ਕਰੋੜ ਟਨ ’ਚੋਂ 95 ਹਜ਼ਾਰ ਟਨ ਦੀ ਬਰਾਮਦ ਨਹੀਂ ਹੋ ਸਕੇਗੀ। -ਪੀਟੀਆਈ