ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕੁੱਲ 35,440 ਕਰੋੜ ਦੀ ਲਾਗਤ ਵਾਲੀਆਂ ਦੋ ਪ੍ਰਮੁੱਖ ਖੇਤੀਬਾੜੀ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ’ਚ ਦਾਲਾਂ ਵਿੱਚ ਆਤਮ-ਨਿਰਭਰਤਾ ਲਈ ਇੱਕ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵਵਿਆਪੀ ਮੰਗ ਨੂੰ ਪੂਰਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕੁੱਲ 35,440 ਕਰੋੜ ਦੀ ਲਾਗਤ ਵਾਲੀਆਂ ਦੋ ਪ੍ਰਮੁੱਖ ਖੇਤੀਬਾੜੀ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ’ਚ ਦਾਲਾਂ ਵਿੱਚ ਆਤਮ-ਨਿਰਭਰਤਾ ਲਈ ਇੱਕ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਦਾ ਸੱਦਾ ਦਿੱਤਾ।
ਕੌਮੀ ਰਾਜਧਾਨੀ ਵਿੱਚ ਪੂਸਾ ਕੈਂਪਸ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਹੈ।
ਮੋਦੀ ਨੇ ਕਿਹਾ ਕਿ ਦੋ ਵੱਡੀਆਂ ਯੋਜਨਾਵਾਂ (24,000 ਕਰੋੜ ਦੀ ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ (PM-DDKY) ਅਤੇ 11,440 ਕਰੋੜ ਦਾ ਮਿਸ਼ਨ ਫਾਰ ਆਤਮਨਿਰਭਰਤਾ ਇਨ ਪਲਸੇਜ਼) "ਲੱਖਾਂ ਕਿਸਾਨਾਂ ਦੀ ਕਿਸਮਤ ਬਦਲ ਦੇਣਗੀਆਂ।’’
ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਖੁਰਾਕ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ, ਜਦੋਂ ਕਿ ਲਗਪਗ ₹815 ਕਰੋੜ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
PM-DDKY (ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ) ਦਾ ਉਦੇਸ਼ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ (ADP) ਮਾਡਲ ਦੇ ਅਧਾਰ 'ਤੇ 100 ਘੱਟ ਪ੍ਰਦਰਸ਼ਨ ਕਰਨ ਵਾਲੇ ਖੇਤੀਬਾੜੀ ਜ਼ਿਲ੍ਹਿਆਂ ਨੂੰ ਬਦਲਣਾ ਹੈ। ਇਹ ਯੋਜਨਾ ਚੁਣੇ ਹੋਏ ਜ਼ਿਲ੍ਹਿਆਂ ਵਿੱਚ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਸਿੰਚਾਈ ਅਤੇ ਭੰਡਾਰਨ ਦੀਆਂ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਕਰਜ਼ੇ ਤੱਕ ਪਹੁੰਚ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰੇਗੀ।
ਦਾਲਾਂ ਦੇ ਮਿਸ਼ਨ ਲਈ ਸ੍ਰੀ ਮੋਦੀ ਨੇ ਕਿਸਾਨਾਂ ਨੂੰ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ 2030 ਤੱਕ ਦਾਲਾਂ ਦੇ ਰਕਬੇ ਨੂੰ 35 ਲੱਖ ਹੈਕਟੇਅਰ ਤੱਕ ਵਧਾਉਣ ਦੀ ਅਪੀਲ ਕੀਤੀ।
ਇਸ ਮਿਸ਼ਨ ਦਾ ਟੀਚਾ ਦਾਲਾਂ ਦੇ ਉਤਪਾਦਨ ਨੂੰ ਮੌਜੂਦਾ 252.38 ਲੱਖ ਟਨ ਤੋਂ ਵਧਾ ਕੇ 2030-31 ਤੱਕ 350 ਲੱਖ ਟਨ ਕਰਨਾ ਹੈ, ਜਿਸ ਨਾਲ ਆਯਾਤ (import) ’ਤੇ ਨਿਰਭਰਤਾ ਘਟੇਗੀ।
ਪਿਛਲੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਖੇਤੀਬਾੜੀ ਖੇਤਰ ਨੂੰ "ਨਜ਼ਰਅੰਦਾਜ਼" ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਕੋਲ ਇਸ ਅਹਿਮ ਖੇਤਰ ਦੇ ਵਿਕਾਸ ਲਈ "ਦੂਰਦ੍ਰਿਸ਼ਟੀ" ਦੀ ਕਮੀ ਸੀ।
ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਰਾਜੀਵ ਰੰਜਨ ਸਿੰਘ ਅਤੇ ਖੇਤੀਬਾੜੀ ਰਾਜ ਮੰਤਰੀ ਭਾਗੀਰਥ ਚੌਧਰੀ ਹਾਜ਼ਰ ਸਨ।