ਪ੍ਰਧਾਨ ਮੰਤਰੀ ਵੱਲੋਂ 4 ਵੰਦੇ ਭਾਰਤ ਐਕਸਪ੍ਰੈਸ ਰੇਲਾਂ ਨੂੰ ਹਰੀ ਝੰਡੀ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਦਿੱਲੀ ਦਾ ਸਫਰ ਸਿਰਫ਼ 6 ਘੰਟੇ 40 ਮਿੰਟ ਵਿੱਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿੱਤੀ, ਜਿਸ ਨਾਲ ਭਾਰਤ ਦਾ ਅਰਧ-ਹਾਈ-ਸਪੀਡ ਰੇਲ ਨੈੱਟਵਰਕ 160 ਤੋਂ ਵੱਧ ਸੇਵਾਵਾਂ ਤੱਕ ਪਹੁੰਚ ਗਿਆ ਹੈ।
ਇਨ੍ਹਾਂ ਵਿੱਚੋਂ ਫਿਰੋਜ਼ਪੁਰ-ਦਿੱਲੀ ਰੂਟ ਸਭ ਤੋਂ ਖਾਸ ਹੈ, ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੂੰ ਸਿਰਫ਼ 6 ਘੰਟੇ 40 ਮਿੰਟ ਵਿੱਚ ਨਵੀਂ ਦਿੱਲੀ ਨਾਲ ਸਿੱਧਾ, ਤੇਜ਼ ਸੰਪਰਕ ਪ੍ਰਦਾਨ ਕਰਦਾ ਹੈ। ਇਹ ਰੂਟ 486 ਕਿਲੋਮੀਟਰ ਦੇ ਕੋਰੀਡੋਰ ’ਤੇ ਸਭ ਤੋਂ ਤੇਜ਼ ਹੈ।
ਫਿਰੋਜ਼ਪੁਰ ਕੈਂਟ-ਦਿੱਲੀ ਵੰਦੇ ਭਾਰਤ ਹਫ਼ਤੇ ਵਿੱਚ ਛੇ ਦਿਨ (ਬੁੱਧਵਾਰ ਨੂੰ ਛੱਡ ਕੇ) ਸਵੇਰੇ 7:55 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ, ਅਤੇ ਪਾਣੀਪਤ ਵਿਖੇ ਰੁਕਦੀ ਹੋਈ ਦੁਪਹਿਰ 2:35 ਵਜੇ ਤੱਕ ਨਵੀਂ ਦਿੱਲੀ ਪਹੁੰਚੇਗੀ।
ਵਾਪਸੀ ਦੀ ਯਾਤਰਾ ਨਵੀਂ ਦਿੱਲੀ ਤੋਂ ਸ਼ਾਮ 4:00 ਵਜੇ ਸ਼ੁਰੂ ਹੋਵੇਗੀ, ਜੋ ਰਾਤ 10:35 ਵਜੇ ਫਿਰੋਜ਼ਪੁਰ ਕੈਂਟ ਵਿਖੇ ਸਮਾਪਤ ਹੁੁੁੰਦੀ ਹੈ। ਚੇਨਈ ਦੀ ਇੰਟੈਗਰਲ ਕੋਚ ਫੈਕਟਰੀ ਵਿੱਚ ਬਣੀ ਇਸ ਅੱਠ ਕੋਚਾਂ ਵਾਲੀ ਰੇਲਗੱਡੀ ਵਿੱਚ ਸੱਤ ਏਸੀ ਚੇਅਰ ਕਾਰ ਅਤੇ ਇੱਕ ਐਗਜ਼ੀਕਿਊਟਿਵ ਕਲਾਸ ਸ਼ਾਮਲ ਹੈ, ਜਿਸ ਵਿੱਚ ਆਟੋਮੈਟਿਕ ਦਰਵਾਜ਼ੇ, ਵਾਈ-ਫਾਈ ਅਤੇ ਬਾਇਓ-ਟਾਇਲਟ ਵਰਗੀਆਂ ਵਿਸ਼ੇਸ਼ਤਾਵਾਂ ਹਨ।
ਇਹ 160 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਸਪੀਡ ਨੂੰ ਸਪੋਰਟ ਕਰਦੀ ਹੈ।
ਇਹ ਸੇਵਾ ਪੰਜਾਬ ਦੇ ਕਿਸਾਨੀ ਅਤੇ ਉਦਯੋਗਿਕ ਭਾਈਚਾਰਿਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕਰਦੀ ਦਿਖਾਈ ਦਿੰਦੀ ਹੈ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਯਾਤਰਾ ਦਾ ਸਮਾਂ ਦੋ ਘੰਟਿਆਂ ਤੋਂ ਵੱਧ ਘਟਿਆ ਹੈ ਅਤੇ ਸ਼ਤਾਬਦੀ ਐਕਸਪ੍ਰੈਸ ਵਰਗੇ ਰੂਟਾਂ ’ਤੇ ਭੀੜ ਘੱਟ ਹੋਣ ਦੀ ਆਸ ਹੈ।
ਇਸ ਰੇਲਗੱਡੀ ਤੋਂ ਆਰਥਿਕ ਸਬੰਧਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਪਟਿਆਲਾ ਅਤੇ ਬਠਿੰਡਾ ਨੂੰ ਟੈਕਸਟਾਈਲ ਅਤੇ ਡੇਅਰੀ ਨਿਰਯਾਤ ਲਈ ਦਿੱਲੀ ਦੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਮਿਲੇਗੀ।
ਉੱਤਰ ਪ੍ਰਦੇਸ਼ ਦੀ ਲਖਨਊ-ਸਹਾਰਨਪੁਰ ਵੰਦੇ ਭਾਰਤ 518 ਕਿਲੋਮੀਟਰ ਦੀ ਦੂਰੀ 7 ਘੰਟੇ 45 ਮਿੰਟ ਵਿੱਚ ਤੈਅ ਕਰੇਗੀ , ਜੋ ਲਖਨਊ ਜੰਕਸ਼ਨ ਤੋਂ ਸਵੇਰੇ 5:00 ਵਜੇ (ਛੇ ਦਿਨ, ਐਤਵਾਰ ਨੂੰ ਛੱਡ ਕੇ) ਰਵਾਨਾ ਹੋਵੇਗੀ ਅਤੇ ਸੀਤਾਪੁਰ, ਸ਼ਾਹਜਹਾਨਪੁਰ, ਬਰੇਲੀ, ਮੁਰਾਦਾਬਾਦ, ਨਜੀਬਾਬਾਦ ਅਤੇ ਰੁੜਕੀ ਵਿਖੇ ਰੁਕਦੀ ਹੋਈ ਦੁਪਹਿਰ 12:45 ਵਜੇ ਤੱਕ ਸਹਾਰਨਪੁਰ ਪਹੁੰਚੇਗੀ।
ਸਹਾਰਨਪੁਰ ਤੋਂ ਵਾਪਸੀ ਦਾ ਸਫਰ ਸ਼ਾਮ 3:00 ਵਜੇ ਸ਼ੁਰੂ ਹੋਵੇਾਗ, ਜੋ ਰਾਤ 11:00 ਵਜੇ ਲਖਨਊ ਸਮਾਪਤ ਹੁੰਦਾ ਹੈ।
ਦੱਖਣ ਵਿੱਚ ਏਰਨਾਕੁਲਮ-ਬੰਗਲੁਰੂ ਵੰਦੇ ਭਾਰਤ ਕੇਰਲ ਦੇ ਬੰਦਰਗਾਹ ਸ਼ਹਿਰ ਨੂੰ ਕਰਨਾਟਕ ਦੀ ਆਈਟੀ ਰਾਜਧਾਨੀ ਨਾਲ 608 ਕਿਲੋਮੀਟਰ ਦੀ ਦੂਰੀ 8 ਘੰਟੇ 40 ਮਿੰਟ ਵਿੱਚ ਜੋੜਦੀ ਹੈ, ਜੋ ਕੇਐਸਆਰ ਬੈਂਗਲੁਰੂ ਤੋਂ ਸਵੇਰੇ 5:10 ਵਜੇ (ਛੇ ਦਿਨ, ਬੁੱਧਵਾਰ ਨੂੰ ਛੱਡ ਕੇ) ਰਵਾਨਾ ਹੁੰਦੀ ਹੈ, ਅਤੇ ਕ੍ਰਿਸ਼ਨਰਾਜਪੁਰਮ, ਜੋਲਾਰਪੇਟਾਈ, ਸੇਲਮ, ਈਰੋਡ, ਤਿਰੂਪੁਰ, ਕੋਇੰਬਟੂਰ, ਪਲੱਕੜ ਅਤੇ ਤ੍ਰਿਸ਼ੂਰ ਵਿਖੇ ਰੁਕਦੀ ਹੋਈ ਦੁਪਹਿਰ 1:50 ਵਜੇ ਤੱਕ ਏਰਨਾਕੁਲਮ ਪਹੁੰਚਣ ਦਾ ਸਮਾਂ ਹੈ।
ਵਾਪਸੀ ਦੌਰਾਨ ਇਹ ਗੱਡੀ ਏਰਨਾਕੁਲਮ ਤੋਂ ਦੁਪਹਿਰ 2:20 ਵਜੇ ਰਵਾਨਾ ਹੋਵੇਗੀ ਅਤੇ ਜੋ ਰਾਤ 11:00 ਵਜੇ ਬੰਗਲੁਰੂ ਪਹੁੰਚਦੀ ਹੈ।

