Op Sindoor ਦੌਰਾਨ ਤਿੰਨਾਂ ਸੈਨਾਵਾਂ ਦੇ ਅਸਧਾਰਨ ਤਾਲਮੇਲ ਨੇ ਪਾਕਿ ਦੀਆਂ ਗੋਡਣੀਆਂ ਲੁਆਈਆਂ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਨਾਲ ਆਈਐੱਨਐੇੱਸ ਵਿਕਰਾਂਤ ਬੇੜੇ ’ਤੇ ਮਨਾਈ ਦੀਵਾਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ ’ਤੇ ਹਥਿਆਰਬੰਦ ਬਲਾਂ ਦੇ ਅਮਲੇ ਨਾਲ ਦੀਵਾਲੀ ਮਨਾਈ। ਸ੍ਰੀ ਲੰਘੀ ਰਾਤ ਹੀ ਜੰਗੀ ਬੇੇੜੇ ’ਤੇ ਪਹੁੰਚ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Operation Sindoor ਦੌਰਾਨ ਹਥਿਆਰਬੰਦ ਬਲਾਂ ਦੀਆਂ ਤਿੰਨਾਂ ਸੈਨਾਵਾਂ (ਥਲ ਸੈਨਾ, ਜਲਸੈਨਾ ਤੇ ਹਵਾਈ ਸੈਨਾ) ਦਰਮਿਆਨ ਅਸਧਾਰਨ ਤਾਲਮੇਲ ਕਰਕੇ ਪਾਕਿਸਤਾਨ ਗੋਡੇ ਟੇਕਣ ਲਈ ਮਜਬੂਰ ਹੋ ਗਿਆ। ਮੋਦੀ ਨੇ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਦ੍ਰਿੜਤਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸੇ ਕਾਰਨ ਹੀ ਦੇਸ਼ ਨੇ ‘ਮਾਓਵਾਦੀ ਅਤਿਵਾਦ ਨੂੰ ਖਤਮ ਕਰਕੇ’ ਇੱਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ।
ਆਈਐਨਐਸ ਵਿਕਰਾਂਤ ’ਤੇ ਸਵਾਰ ਜਲਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਸਿਰਫ਼ ਇੱਕ ਜੰਗੀ ਬੇੜਾ ਨਹੀਂ ਹੈ, ਸਗੋਂ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਆਈਐਨਐਸ ਵਿਕਰਾਂਤ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ‘ਆਤਮਨਿਰਭਰ ਭਾਰਤ’ ਦਾ ਇੱਕ ਵਿਸ਼ਾਲ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨਾਂ ਸੇਵਾਵਾਂ ਵਿੱਚ ਇਕੱਠੇ ਅਸਾਧਾਰਨ ਤਾਲਮੇਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਮਾਓਵਾਦੀ ਹਿੰਸਾ ਤੋਂ ਆਜ਼ਾਦੀ ਦੀ ਦਹਿਲੀਜ਼ ’ਤੇ ਹੈ ਅਤੇ ‘‘ਇਹ ਆਜ਼ਾਦੀ ਸਾਡੇ ਦਰਵਾਜ਼ੇ ਖੜਕਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ 125 ਜ਼ਿਲ੍ਹੇ ਮਾਓਵਾਦੀ ਅਤਿਵਾਦ ਦੀ ਗ੍ਰਿਫ਼ਤ ਵਿੱਚ ਸਨ ਪਰ ਹੁਣ ਇਹ ਘਟ ਕੇ ਸਿਰਫ਼ 11 ਜ਼ਿਲ੍ਹੇ ਰਹਿ ਗਏ ਹਨ। ਉਨ੍ਹਾਂ ਕਿਹਾ, ‘‘ਹੁਣ ਤੱਕ 90 ਫੀਸਦ ਸਫਲਤਾ ਪ੍ਰਾਪਤ ਕੀਤੀ ਗਈ ਹੈ, ਮੈਨੂੰ ਵਿਸ਼ਵਾਸ ਹੈ ਕਿ ਪੁਲੀਸ ਬਲ ਮਾਓਵਾਦੀ ਹਿੰਸਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਸਫਲ ਹੋਣਗੇ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦਾ ਸਿਖਰਲਾ ਰੱਖਿਆ ਬਰਾਮਦਕਾਰ ਬਣਾਉਣ ਦਾ ਟੀਚਾ ਰੱਖਦੀ ਹੈ। ਉਨ੍ਹਾਂ ਕਿਹਾ ਕਿ 2014 ਤੋਂ ਸਾਡੇ ਸ਼ਿਪਯਾਰਡਾਂ ਵੱਲੋਂ 40 ਤੋਂ ਵੱਧ ਜੰਗੀ ਜਹਾਜ਼ ਅਤੇ ਪਣਡੁੱਬੀਆਂ ਬਣਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਹਮੋਸ ਨਾਮ ਕੁਝ ਮਨਾਂ ਵਿੱਚ ਡਰ ਪੈਦਾ ਕਰਦਾ ਹੈ ਅਤੇ ਹੁਣ ਬਹੁਤ ਸਾਰੇ ਦੇਸ਼ ਇਨ੍ਹਾਂ ਮਿਜ਼ਾਈਲਾਂ ਨੂੰ ਖਰੀਦਣ ਲਈ ਉਤਸੁਕ ਹਨ। ਉਨ੍ਹਾਂ ਕਿਹਾ, ‘‘ਕੱਲ੍ਹ ਆਈਐਨਐਸ ਵਿਕਰਾਂਤ ’ਤੇ ਬਿਤਾਈ ਰਾਤ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਮੈਂ ਤੁਹਾਡੇ ਸਾਰਿਆਂ ਵਿੱਚ ਭਰੀ ਹੋਈ ਅਥਾਹ ਊਰਜਾ ਅਤੇ ਉਤਸ਼ਾਹ ਦੇਖਿਆ। ਜਦੋਂ ਮੈਂ ਤੁਹਾਨੂੰ ਕੱਲ੍ਹ ਦੇਸ਼ ਭਗਤੀ ਦੇ ਗੀਤ ਗਾਉਂਦੇ ਦੇਖਿਆ, ਅਤੇ ਜਿਸ ਤਰ੍ਹਾਂ ਤੁਸੀਂ ਆਪਣੇ ਗੀਤਾਂ ਵਿੱਚ ਆਪ੍ਰੇਸ਼ਨ ਸਿੰਧੂਰ ਦਾ ਵਰਣਨ ਕੀਤਾ, ਤਾਂ ਕੋਈ ਵੀ ਸ਼ਬਦ ਕਦੇ ਵੀ ਉਸ ਅਨੁਭਵ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਜੋ ਇੱਕ ਜਵਾਨ ਜੰਗ ਦੇ ਮੈਦਾਨ ਵਿੱਚ ਖੜ੍ਹਾ ਮਹਿਸੂਸ ਕਰਦਾ ਹੈ।’’ ਸ੍ਰੀ ਮੋਦੀ ਨੇ ਕਿਹਾ, ‘‘ਮੇਰੀ ਦੀਵਾਲੀ ਖਾਸ ਰਹੀ ਹੈ ਕਿਉਂਕਿ ਇਹ ਤੁਹਾਡੇ ਵਿਚਕਾਰ ਬਿਤਾਈ ਗਈ ਸੀ।’’
ਦੱਸਣਾ ਬਣਦਾ ਹੈ ਕਿ ਆਈਐਨਐਸ 262 ਮੀਟਰ ਲੰਬਾ ਹੈ ਤੇ ਇਸ ਦਾ ਵਜ਼ਨ ਲਗਪਗ 45,000 ਟਨ ਹੈ। ਇਸ ਜਹਾਜ਼ ਵਿਚ ਚਾਰ ਗੈਸ ਟਰਬਾਈਨਾਂ ਲੱਗੀਆਂ ਹੋਈਆਂ ਹਨ। ਇਹ 20,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਇਸ ਸਮੁੰਦਰੀ ਬੇੜੇ ਦਾ ਨਿਰਮਾਣ ਅਕਤੂਬਰ 2019 ਵਿੱਚ ਮੁਕੰਮਲ ਹੋਇਆ ਸੀ। ਵਿਕਰਾਂਤ ਦੇ ਨਿਰਮਾਣ ਨਾਲ ਭਾਰਤ ਉਨ੍ਹਾਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਡਿਜ਼ਾਈਨ ਕਰਨ ਅਤੇ ਬਣਾਉਣ ਦੀ ਵਿਸ਼ੇਸ਼ ਸਮਰੱਥਾ ਹੈ। ਇਹ ਜਹਾਜ਼ ਏਅਰ ਵਿੰਗ ਨੂੰ ਚਲਾਉਣ ਦੇ ਸਮਰੱਥ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਛ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਥਿਆਰਬੰਦ ਬਲਾਂ ਨਾਲ ਦੀਵਾਲੀ ਮਨਾਈ ਸੀ।