ਅਮਰੀਕੀ ਟੈਰਿਫ਼ਾਂ ਕਾਰਨ ਦਬਾਅ ਵਧ ਸਕਦੈ: ਮੋਦੀ
ਕਿਸਾਨਾਂ, ਪਸ਼ੂ ਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਾ ਕਰਨ ਦਾ ਕੀਤਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ, ਪਸ਼ੂ ਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਟੈਰਿਫ ਲਗਾਉਣ ਦੇ ਫੈਸਲੇ ਦੇ ਮੱਦੇਨਜ਼ਰ ਉਨ੍ਹਾਂ ਕਿਹਾ, ‘‘ਸਾਡੇ ’ਤੇ ਦਬਾਅ ਵਧ ਸਕਦਾ ਹੈ, ਪਰ ਅਸੀਂ ਇਸ ਨੂੰ ਬਰਦਾਸ਼ਤ ਕਰਾਂਗੇ।’’ ਪਹਿਲਗਾਮ ਕਤਲੇਆਮ ਦੇ ਜਵਾਬ ਵਿੱਚ ਭਾਰਤ ਦੀ ਫੌਜੀ ਕਾਰਵਾਈ, ਅਪਰੇਸ਼ਨ ਸਿੰਧੂਰ ਦਾ ਹਵਾਲਾ ਦਿੰਦੇ ਹੋਏ ਅਤੇ ਪਾਕਿਸਤਾਨ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦੇ ਹੋਏ ਉਨ੍ਹਾਂ ਐਲਾਨ ਕੀਤਾ ਕਿ ਭਾਰਤ ਹੁਣ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਨਹੀਂ ਬਖ਼ਸ਼ਦਾ। ਮੋਦੀ ਨੇ ਸ਼ਾਮ ਸਮੇਂ ਇੱਥੇ ਇੱਕ ਰੋਡ ਸ਼ੋਅ ਵੀ ਕੀਤਾ।
ਅਹਿਮਦਾਬਾਦ ਵਿੱਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਜਿਸ ਪਾਰਟੀ ਨੇ 60 ਤੋਂ 65 ਸਾਲਾਂ ਤੱਕ ਭਾਰਤ ’ਤੇ ਰਾਜ ਕੀਤਾ, ਉਸ ਨੇ ਦਰਾਮਦ ਘੁਟਾਲਿਆਂ ਵਿੱਚ ਸ਼ਾਮਲ ਹੋ ਦੇਸ਼ ਨੂੰ ਦੂਜੇ ਦੇਸ਼ਾਂ ’ਤੇ ਨਿਰਭਰ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸ਼ਕਤੀ ਅਤੇ ਸੁਰੱਖਿਆ ਦੇ ਪ੍ਰਤੀਕ ਸੁਦਰਸ਼ਨ ਚੱਕਰਧਾਰੀ ਮੋਹਨ ਭਗਵਾਨ ਸ੍ਰੀਕ੍ਰਿਸ਼ਨ ਅਤੇ ਸੁਤੰਤਰਤਾ ਅੰਦੋਲਨ ਦੇ ਨਾਇਕ ਚਰਖਾਧਾਰੀ ਮੋਹਨ ਮਹਾਤਮਾ ਗਾਂਧੀ ਦੇ ਰਸਤੇ ’ਤੇ ਚੱਲ ਕੇ ਸ਼ਕਤੀਸ਼ਾਲੀ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਸੁਦਰਸ਼ਨ ਚੱਕਰਧਾਰੀ ਮੋਹਨ ਦੇ ਭਾਰਤ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਇਆ। ਅੱਜ, ਅਸੀਂ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਨਹੀਂ ਬਖ਼ਸ਼ਦੇ, ਭਾਵੇਂ ਕਿ ਉਹ ਕਿੱਥੇ ਵੀ ਲੁਕੇ ਹੋਣ।’’ ਭਾਰਤੀ ਦਰਾਮਦ ’ਤੇ 50 ਫੀਸਦੀ ਅਮਰੀਕੀ ਟੈਰਿਫ ਲਈ 27 ਅਗਸਤ ਦੀ ਸਮਾਂ-ਸੀਮਾ ਨੇੜੇ ਆ ਰਹੀ ਹੈ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ, ‘‘ਮੋਦੀ ਲਈ ਕਿਸਾਨਾਂ, ਪਸ਼ੂ ਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤ ਸਭ ਤੋਂ ਮਹੱਤਵਪੂਰਨ ਹਨ। ਸਾਡੇ ’ਤੇ ਦਬਾਅ ਵਧ ਸਕਦਾ ਹੈ, ਪਰ ਅਸੀਂ ਇਹ ਸਭ ਬਰਦਾਸ਼ਤ ਕਰਾਂਗੇ।’’
ਉਨ੍ਹਾਂ ਸਵਦੇਸ਼ੀ ਵਸਤਾਂ ਦੀ ਵਿਆਪਕ ਵਰਤੋਂ ’ਤੇ ਜ਼ੋਰ ਦਿੱਤਾ।
ਸ੍ਰੀ ਮੋਦੀ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਸਿਰਫ ‘ਮੇਡ ਇਨ ਇੰਡੀਆ’ ਵਸਤਾਂ ਖਰੀਦਣ ਦੇ ਮੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ। ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਇੱਕ ਵੱਡਾ ਬੋਰਡ ਲਗਾਉਣਾ ਚਾਹੀਦਾ ਹੈ, ਜਿਸ ’ਤੇ ਲਿਖਿਆ ਹੋਵੇ ਕਿ ਉਹ ਸਿਰਫ ਸਵਦੇਸ਼ੀ ਵਸਤਾਂ ਵੇਚਦੇ ਹਨ। ਉਨ੍ਹਾਂ ਕਿਹਾ, ‘‘ਮੈਂ ਸੋਚਦਾ ਹਾਂ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਲੱਖਾਂ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ।’’