ਨਵੀਂ ਮੁੰਬਈ ਦੀ ਅਦਾਲਤ ਨੇ ਰੋਡ ਰੇਜ ਮਾਮਲੇ ਵਿੱਚ ਸਾਬਕਾ ਆਈ ਏ ਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇੜਕਰ ਨੂੰ ਅੱਜ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਨੋਰਮਾ ਨੇ ਬੇਲਾਪੁਰ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਉਸਨੂੰ 13 ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਐੱਫ ਆਈ ਆਰ ਅਨੁਸਾਰ ਸੀਮਿੰਟ-ਮਿਕਸਰ ਟਰੱਕ ਨੇ ਨਵੀਂ ਮੁੰਬਈ ਵਿੱਚ ਮੁਲੰਡ-ਐਰੋਲੀ ਰੋਡ ’ਤੇ 13 ਸਤੰਬਰ ਨੂੰ ਪੂਜਾ ਦੇ ਪਿਤਾ ਅਤੇ ਮਨੋਰਮਾ ਖੇੜਕਰ ਦੇ ਪਤੀ ਦਿਲੀਪ ਖੇੜਕਰ ਦੀ ਐੱਸਯੂਵੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਮਗਰੋਂ ਟਰੱਕ ਦੇ ਕਲੀਨਰ ਨੂੰ ਕਥਿਤ ਅਗਵਾ ਕਰ ਲਿਆ ਗਿਆ ਸੀ। ਦਿਲੀਪ ਖੇੜਕਰ ਕਥਿਤ ਤੌਰ ’ਤੇ ਫ਼ਰਾਰ ਹੋ ਗਿਆ, ਜਦਕਿ ਮਨੋਰਮਾ ’ਤੇ ਪੁਣੇ ਵਿੱਚ ਪਰਿਵਾਰ ਦੇ ਘਰ ਦੀ ਜਾਂਚ ਲਈ ਗਏ ਪੁਲੀਸ ਅਧਿਕਾਰੀਆਂ ਦੇ ਕੰਮ ਵਿੱਚ ਅੜਿੱਕਾ ਪਾਉਣ ਅਤੇ ਸਬੂਤ ਨਸ਼ਟ ਕਰਨ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਹੈ।