ਮਗਨਰੇਗਾ ਦਾ ਨਾਂ ਬਦਲਣ ’ਤੇ ਸਿਆਸਤ ਭਖੀ
ਕੇਂਦਰੀ ਮੰਤਰੀ ਮੰਡਲ ਵੱਲੋਂ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਦਾ ਨਾਂ ਬਦਲਣ ਵਾਲੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਸਕੀਮ ਦਾ ਨਾਂ...
ਕੇਂਦਰੀ ਮੰਤਰੀ ਮੰਡਲ ਵੱਲੋਂ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਦਾ ਨਾਂ ਬਦਲਣ ਵਾਲੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਸਕੀਮ ਦਾ ਨਾਂ ‘ਪੂਜੀਯ ਬਾਪੂ ਗ੍ਰਾਮੀਣ ਰੁਜ਼ਗਾਰ ਯੋਜਨਾ’ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਕੀਮ ਤਹਿਤ ਕੰਮ ਦੇ ਦਿਨਾਂ ਦੀ ਗਿਣਤੀ ਮੌਜੂਦਾ 100 ਦਿਨਾਂ ਤੋਂ ਵਧਾ ਕੇ 125 ਦਿਨ ਕੀਤੀ ਜਾਵੇਗੀ। ਇਸ ’ਤੇ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਯੋਜਨਾਵਾਂ ਦੇ ਨਾਂ ਬਦਲਣ ਵਿੱਚ ‘ਮਾਹਿਰ’ ਹੈ। ਰਮੇਸ਼ ਨੇ ਕਿਹਾ, ‘ਉਨ੍ਹਾਂ ਨੇ ਨਿਰਮਲ ਭਾਰਤ ਅਭਿਆਨ ਦਾ ਨਾਂ ਬਦਲ ਕੇ ਸਵੱਛ ਭਾਰਤ ਅਭਿਆਨ ਅਤੇ ਪੇਂਡੂ ਐੱਲ ਪੀ ਜੀ ਵੰਡ ਪ੍ਰੋਗਰਾਮ ਦਾ ਨਾਂ ਉੱਜਵਲਾ ਰੱਖ ਦਿੱਤਾ। ਭਾਜਪਾ ਵਾਲੇ ‘ਰੀ-ਪੈਕੇਜਿੰਗ’ ਅਤੇ ‘ਬ੍ਰਾਂਡਿੰਗ’ ਦੇ ਮਾਹਿਰ ਹਨ।’ ਉਨ੍ਹਾਂ ਸਵਾਲ ਕੀਤਾ, ‘ਉਹ ਪੰਡਿਤ ਨਹਿਰੂ ਨੂੰ ਤਾਂ ਨਫ਼ਰਤ ਕਰਦੇ ਹੀ ਹਨ ਪਰ ਲੱਗਦਾ ਹੈ ਕਿ ਉਹ ਮਹਾਤਮਾ ਗਾਂਧੀ ਨੂੰ ਵੀ ਨਫ਼ਰਤ ਕਰਦੇ ਹਨ। ਮਹਾਤਮਾ ਗਾਂਧੀ ਦੇ ਨਾਂ ਵਿੱਚ ਕੀ ਖਰਾਬੀ ਹੈ, ਜੋ ਇਸ ਦਾ ਨਾਂ ਬਦਲਿਆ ਜਾ ਰਿਹਾ ਹੈ?’ ਇਸੇ ਤਰ੍ਹਾਂ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਕਦੇ ਮਗਨਰੇਗਾ ਨੂੰ ‘ਨਾਕਾਮੀ ਦੀ ਯਾਦਗਾਰ’ ਕਿਹਾ ਸੀ, ਹੁਣ ਇਸ ਕ੍ਰਾਂਤੀਕਾਰੀ ਸਕੀਮ ਦਾ ਸਿਹਰਾ ਲੈਣ ਲਈ ਨਾਂ ਬਦਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੌਮੀ ਮਾਨਸਿਕਤਾ ’ਚੋਂ ਮਹਾਤਮਾ ਗਾਂਧੀ ਨੂੰ ਮਿਟਾਉਣ ਦਾ ਇਹ ਇੱਕ ਹੋਰ ਤਰੀਕਾ ਹੈ।

