ਦੇਸ਼-ਵਿਦੇਸ਼ ਦੇ ਸਿਆਸੀ ਆਗੂਆਂ ਵੱਲੋਂ ਅਧਿਆਤਮਕ ਆਗੂ ਦਲਾਈਲਾਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਧਰਮਸ਼ਾਲਾ, 6 ਜੁਲਾਈ
ਅਧਿਆਤਮਕ ਆਗੂ ਦਲਾਈਲਾਮਾ ਅੱਜ 90 ਸਾਲ ਦੇ ਹੋ ਗਏ ਹਨ। ਭਾਰੀ ਮੀਂਹ ਦੇ ਬਾਵਜੂਦ 14ਵੇਂ ਦਲਾਈਲਾਮਾ ਦਾ ਜਨਮ ਦਿਨ ਮਨਾਉਣ ਲਈ ਇੱਥੇ ਦਲਾਈਲਾਮਾ ਮੰਦਰ ‘ਸੁਗਲਾਗਖਾਂਗ’ ਦੇ ਮੁੱਖ ਵਿਹੜੇ ਵਿੱਚ ਜੁਟੇ ਹਜ਼ਾਰਾਂ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਇਹ ਸਮਾਗਮ ਅਜਿਹੇ ਸਮੇਂ ਕਰਵਾਇਆ ਗਿਆ ਜਦੋਂ ਪਿਛਲੇ ਕੁੱਝ ਦਿਨਾਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਮੌਜੂਦਾ ਦਲਾਈਲਾਮਾ ਸੰਸਥਾ ਨੂੰ ਸਮਾਪਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੇ ਜਨਮਦਿਨ ਮੌਕੇ ਵੱਖ-ਵੱਖ ਤਿੱਬਤੀ ਬੋਧੀ ਸੰਪਰਦਾਵਾਂ ਦੇ ਨੁਮਾਇੰਦਿਆਂ, ਸਕੂਲੀ ਬੱਚਿਆਂ, ਵੱਖ-ਵੱਖ ਦੇਸ਼ਾਂ ਦੇ ਨਰਤਕਾਂ ਅਤੇ ਗਾਇਕਾਂ ਅਤੇ ਦੁਨੀਆ ਭਰ ਦੇ ਬੋਧੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਦੇਸ਼-ਵਿਦੇਸ਼ ਦੇ ਸਿਆਸੀ ਆਗੂਆਂ ਨੇ ਦਲਾਈਲਾਮਾ ਦੀ ਆਲਮੀ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਲਈ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਦਲਾਈਲਾਮਾ ਤੇਨਜ਼ਿਨ ਗਿਆਤਸੋ ਨੇ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਉਨ੍ਹਾਂ ਨੂੰ ਸਾਰੇ ਸੰਵੇਦਨਸ਼ੀਲ ਪ੍ਰਾਣੀਆਂ ਦੀ ਸੇਵਾ ਕਰਨ ਦੇ ਰਾਹ ’ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਰਾਜੀਵ ਰੰਜਨ ਸਿੰਘ ਅਤੇ ਹੌਲੀਵੁੱਡ ਅਦਾਕਾਰ ਰਿਚਰਡ ਗੇਅਰ ਨੇ ਦਲਾਈਲਾਮਾ ਨੂੰ ਵਧਾਈ ਦਿੱਤੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਿੱਲ ਕਲਿੰਟਨ ਅਤੇ ਬਰਾਕ ਓਬਾਮਾ ਨੇ ਵੀਡੀਓ ਸੰਦੇਸ਼ ਰਾਹੀਂ ਦਲਾਈਲਾਮਾ ਨੂੰ ਸ਼ੁੱਭਕਾਮਨਾਵਾਂ ਭੇਜੀਆਂ। ਨੋਬੇਲ ਪੁਰਸਕਾਰ ਜੇਤੂ ਦਲਾਈਲਾਮਾ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਧਾਰਮਿਕ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦਲਾਈਲਾਮਾ ਨੇ ਚੀਨੀ ਸ਼ਾਸਨ ਖ਼ਿਲਾਫ਼ ਵਿਦਰੋਹ ਅਸਫਲ ਰਹਿਣ ਮਗਰੋਂ 1959 ਵਿੱਚ ਆਪਣਾ ਜੱਦੀ ਤਿੱਬਤ ਛੱਡ ਕੇ ਲੱਖਾਂ ਤਿੱਬਤੀਆਂ ਨਾਲ ਭਾਰਤ ਵਿੱਚ ਸ਼ਰਨ ਲੈ ਲਈ ਸੀ। ਉਹ ਉਦੋਂ ਤੋਂ ਤਿੱਬਤੀ ਲੋਕਾਂ ਲਈ ਖੁਦਮੁਖਤਿਆਰੀ ਅਤੇ ਧਾਰਮਿਕ ਆਜ਼ਾਦੀ ਦੀ ਮੰਗ ਕਰਨ ਲਈ ਸ਼ਾਂਤੀਪੂਰਨ ‘ਰਾਹ’ ਦੀ ਵਕਾਲਤ ਕਰਦੇ ਆ ਰਹੇ ਹਨ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਤੇ ਕਾਂਗਰਸ ਵੱਲੋਂ ਸ਼ੁਭਕਾਮਨਾਵਾਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲਾਈ ਲਾਮਾ ਦੇ 90ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪਿਆਰ, ਹਮਦਰਦੀ, ਧੀਰਜ ਅਤੇ ਨੈਤਿਕ ਅਨੁਸ਼ਾਸਨ ਦਾ ਸਦੀਵੀ ਪ੍ਰਤੀਕ ਹਨ। ਉਧਰ, ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਸ ਮੌਕੇ 1959 ਵਿੱਚ ਮਸੂਰੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨਾਲ ਦਲਾਈਲਾਮਾ ਦੀ ਚਾਰ ਘੰਟੇ ਤੱਕ ਹੋਈ ਗੱਲਬਾਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਨਹਿਰੂ ਨਾਲ ਮੁਲਾਕਾਤ ਮਗਰੋਂ ਦਲਾਈਲਾਮਾ ਪੂਰੇ ਦੇਸ਼ ਦੇ ਦੌਰੇ ਲਈ ਰਵਾਨਾ ਹੋਏ ਸਨ। -ਪੀਟੀਆਈ
ਅਮਰੀਕਾ ਵੱਲੋਂ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਦਾ ਸਮਰਥਨ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਲਾਈਲਾਮਾ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ ’ਤੇ ਵਧਾਈ ਦਿੰਦਿਆਂ ਤਿੱਬਤੀ ਲੋਕਾਂ ਪ੍ਰਤੀ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਮਾਰਕੋ ਰੂਬੀਓ ਨੇ ਸ਼ਨਿਚਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ, ‘‘ਅਮਰੀਕਾ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀ ਦੇ ਸਨਮਾਨ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੈ।’’
ਚੀਨ ਨੂੰ ਝਟਕਾ ਦਿੰਦਿਆਂ ਰੂਬੀਓ ਨੇ ਤਿੱਬਤੀਆਂ ਦੇ ਆਪਣੇ ਧਾਰਮਿਕ ਆਗੂ ਨੂੰ ਚੁਣਨ ਦੇ ਹੱਕ ਦਾ ਵੀ ਸਮਰਥਨ ਕੀਤਾ। ਰੂਬੀਓ ਨੇ ਕਿਹਾ, ‘‘ਅਸੀਂ ਤਿੱਬਤੀਆਂ ਦੀ ਵੱਖਰੀ ਭਾਸ਼ਾ, ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ, ਜਿਸ ਵਿੱਚ ਬਿਨਾਂ ਕਿਸੇ ਦਖ਼ਲ ਦੇ ਧਾਰਮਿਕ ਆਗੂਆਂ ਨੂੰ ਆਜ਼ਾਦ ਤੌਰ ’ਤੇ ਚੁਣਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਵੀ ਸ਼ਾਮਲ ਹੈ।’’ ਚੀਨ ਨੇ ਦਲਾਈਲਾਮਾ ਦੀ ਜਾਨਸ਼ੀਨ ਯੋਜਨਾ ਨੂੰ ਰੱਦ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਵਿੱਖ ਦੇ ਕਿਸੇ ਵੀ ਉੱਤਰਾਧਿਕਾਰੀ ਨੂੰ ਉਸਦੀ ਪ੍ਰਵਾਨਗੀ ਲੈਣੀ ਹੋਵੇਗੀ। -ਪੀਟੀਆਈ